Breaking News >> News >> The Tribune


ਗਾਂਧੀ ਦੀ ਬਰਸੀ ਮੌਕੇ ਹਿੰਦੂ ਮਹਾਸਭਾ ਵੱਲੋਂ ਗੋਡਸੇ ਨੂੰ ਸ਼ਰਧਾਂਜਲੀ


Link [2022-01-31 05:14:05]



ਭੁਪਾਲ/ਗਵਾਲੀਅਰ, 30 ਜਨਵਰੀ

ਮਹਾਤਮਾ ਗਾਂਧੀ ਦੀ ਬਰਸੀ ਮੌਕੇ ਅੱਜ ਹਿੰਦੂ ਮਹਾਸਭਾ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ 'ਗੋਡਸੇ ਆਪਟੇ ਸਮ੍ਰਿਤੀ ਦਿਵਸ' ਮਨਾ ਕੇ ਰਾਸ਼ਟਰ ਪਿਤਾ ਦੇ ਕਾਤਲ ਨਾਥੂਰਾਮ ਗੋਡਸੇ ਤੇ ਸਹਿ ਦੋਸ਼ੀ ਨਾਰਾਇਣ ਆਪਟੇ ਨੂੰ ਸ਼ਰਧਾਂਜਲੀ ਭੇਟ ਕੀਤੀ। ਹਿੰਦੂਵਾਦੀ ਸੰਗਠਨ ਨੇ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਧਾਰਮਿਕ ਆਗੂ ਕਾਲੀਚਰਨ ਮਹਾਰਾਜ ਤੇ ਹਿੰਦੂ ਮਹਾਸਭਾ ਦੇ ਚਾਰ ਆਗੂਆਂ ਨੂੰ 'ਗੋਡਸੇ-ਆਪਟੇ ਭਾਰਤ ਰਤਨ' ਵੀ ਪ੍ਰਦਾਨ ਕੀਤਾ। ਜ਼ਿਕਰਯੋਗ ਹੈ ਕਿ ਕਾਲੀਚਰਜ ਮਹਾਰਾਜ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਇਕ ਧਾਰਮਿਕ ਸਮਾਗਮ ਦੌਰਾਨ ਮਹਾਤਮਾ ਗਾਂਧੀ ਵਿਰੁੱਧ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਹੇਠ ਦਸੰਬਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕਾਲੀਚਰਨ ਮਹਾਰਾਜ ਨੇ ਦੇਸ਼ ਵੰਡ ਲਈ ਮਹਾਤਮਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਿੰਦੂ ਮਹਾਸਭਾ ਦੇ ਕੌਮੀ ਮੀਤ ਪ੍ਰਧਾਨ ਜੈਵੀਰ ਭਾਰਦਵਾਜ ਨੇ ਫੋਨ 'ਤੇ ਦੱਸਿਆ, 'ਅਸੀਂ ਆਰਤੀ ਕਰ ਕੇ ਭਾਰਤ ਨੂੰ ਪਾਕਿਸਤਾਨ ਨਾਲ ਮਿਲਾਉਣ ਦਾ ਸੰਕਲਪ ਲਿਆ ਹੈ ਤਾਂ ਕਿ ਅਖੰਡ ਭਾਰਤ ਬਣਾਇਆ ਜਾ ਸਕੇ।' ਅਸੀਂ 30 ਜਨਵਰੀ, 1948 ਨੂੰ ਹੋਈ ਨਾਥੂਰਾਮ ਤੇ ਨਾਰਾਇਣ ਦੀ ਗ੍ਰਿਫਤਾਰੀ 'ਤੇ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਅੱਜ 'ਗੋਡਸੇ ਆਪਟੇ ਸਮ੍ਰਿਤੀ ਦਿਵਸ' ਮਨਾ ਰਹੇ ਹਾਂ।' ਭਾਰਦਵਾਜ ਨੇ ਦਾਅਵਾ ਕੀਤਾ ਕਿ ਮਹਾਸਭਾ ਨੇ ਆਜ਼ਾਦੀ ਦੇ ਸੰਘਰਸ਼ ਵਿਚ ਵੱਡਾ ਯੋਗਦਾਨ ਦਿੱਤਾ ਸੀ। ਉਨ੍ਹਾਂ ਕਿਹਾ, 'ਲੋਕਾਂ ਨੂੰ ਇਹ ਮੰਨਣ ਤੋਂ ਬਚਣਾ ਚਾਹੀਦਾ ਹੈ ਕਿ ਭਾਰਤ ਨੂੰ ਆਜ਼ਾਦੀ ਚਰਖੇ ਕਰ ਕੇ ਮਿਲੀ ਹੈ।' ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਭਾਜਪਾ ਨੇ ਲੋਕਾਂ ਨੂੰ ਸੰਤਾਂ ਵੱਲੋਂ ਕੀਤੀਆਂ ਕੁਰਬਾਨੀਆਂ ਬਾਰੇ ਜਾਗਰੂਕ ਨਹੀਂ ਕੀਤਾ। ਯੂਪੀ ਦੇ ਮੇਰਠ ਵਿਚ ਹਿੰਦੂ ਮਹਾਸਭਾ ਨੇ ਮਹਾਤਮਾ ਗਾਂਧੀ ਦੇ ਰਾਸ਼ਟਰ ਪਿਤਾ ਦੇ ਰੁਤਬੇ ਉਤੇ ਸਵਾਲ ਉਠਾਇਆ ਤੇ ਉਨ੍ਹਾਂ ਦੇ ਯੋਗਦਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ



Most Read

2024-09-23 12:22:33