Breaking News >> News >> The Tribune


ਯੂਪੀ ਚੋਣਾਂ: ਸੰਯੁਕਤ ਵਿਕਾਸ ਪਾਰਟੀ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ


Link [2022-01-31 05:14:05]



ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼), 30 ਜਨਵਰੀ

ਸੰਯੁਕਤ ਵਿਕਾਸ ਪਾਰਟੀ ਦੇ ਸ਼ਾਹਜਹਾਂਪੁਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਵੈਦਿਆ ਰਾਜ ਕਿਸ਼ਨ ਦੀ ਨਾਮਜ਼ਦਗੀ ਅੱਜ ਰੱਦ ਹੋ ਗਈ। ਪੀਪੀਈ ਕਿੱਟ ਪਾ ਕੇ ਕਾਗਜ਼ ਦਾਖਲ ਕਰਨ ਕਰ ਕੇ ਉਹ ਚਰਚਾ ਵਿਚ ਰਿਹਾ ਸੀ।

ਜਿਵੇਂ ਹੀ ਕਿਸ਼ਨ ਨੂੰ ਨਾਮਜ਼ਦਗੀ ਰੱਦ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਕੁਲੈਕਟੋਰੇਟ ਵਿਚ ਹੀ ਭਾਵੁਕ ਹੋ ਗਿਆ ਅਤੇ ਉਸ ਨੇ ਅਧਿਕਾਰੀਆਂ 'ਤੇ ਕੈਬਨਿਟ ਮੰਤਰੀ ਸੁਰੇਸ਼ ਖੰਨਾ ਨਾਲ ਰਲੇ ਹੋਣ ਦੇ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ ਖੰਨਾ ਵੀ ਇਸ ਹਲਕੇ ਤੋਂ ਉਮੀਦਵਾਰ ਹਨ। ਹਾਲਾਂਕਿ, ਰਿਟਰਨਿੰਗ ਅਧਿਕਾਰੀ ਨੇ ਕਿਹਾ ਕਿ ਕਿਸ਼ਨ ਦੀ ਨਾਮਜ਼ਦਗੀ ਅਧੂਰੇ ਦਸਤਾਵੇਜ਼ਾਂ ਕਰ ਕੇ ਰੱਦ ਹੋਈ ਹੈ।

25 ਜਨਵਰੀ ਨੂੰ ਕਿਸ਼ਨ ਪੀਪੀਈ ਕਿੱਟ ਪਹਿਨ ਕੇ ਅਤੇ ਹੱਥ ਵਿਚ ਸੈਨੀਟਾਈਜ਼ਰ ਤੇ ਥਰਮਲ ਸਕੈਨਰ ਲੈ ਕੇ ਨਾਮਜ਼ਦਗੀ ਦਾਖ਼ਲ ਕਰਨ ਲਈ ਰਿਟਰਨਿੰਗ ਅਧਿਕਾਰੀ ਦੇ ਕਮਰੇ ਵਿਚ ਪਹੁੰਚਿਆ ਸੀ। ਉਸ ਦਿਨ ਉਸ ਨੇ ਦੋਸ਼ ਲਗਾਏ ਸਨ ਕਿ ਅਧਿਕਾਰੀਆਂ ਨੇ ਉਸ ਦੇ ਪ੍ਰੋਪੋਜ਼ਰ ਨੂੰ ਕਮਰੇ ਤੋਂ ਬਾਹਰ ਹੀ ਰੋਕ ਦਿੱਤਾ, ਜਿਸ ਕਰ ਕੇ ਉਨ੍ਹਾਂ ਦੀ ਨਾਮਜ਼ਦਗੀ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ। ਉਸ ਨੇ ਕਿਹਾ ਸੀ ਕਿ ਉਸ ਨੇ ਅਗਲੇ ਦਿਨ ਦਸਤਾਵੇਜ਼ਾਂ ਦਾ ਦੂਜਾ ਸੈੱਟ ਜਮ੍ਹਾਂ ਕੀਤਾ ਅਤੇ ਨਾਮਜ਼ਦਗੀ ਪ੍ਰਕਿਰਿਆ ਪੂਰੀ ਕੀਤੀ।

ਉੱਧਰ, ਕਿਸ਼ਨ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸੰਸਦੀ ਮਾਮਲਿਆਂ ਅਤੇ ਮੈਡੀਕਲ ਸਿੱਖਿਆ ਬਾਰੇ ਮੰਤਰੀ ਸੁਰੇਸ਼ ਖੰਨਾ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਤਾਂ ਇਸ ਸੀਟ ਤੋਂ ਚੋਣ ਲੜ ਰਹੇ ਬਾਕੀ ਉਮੀਦਵਾਰਾਂ ਬਾਰੇ ਵੀ ਨਹੀਂ ਜਾਣਦਾ ਹਾਂ ਅਤੇ ਨਾ ਹੀ ਮੈਨੂੰ ਇਹ ਪਤਾ ਹੈ ਕਿ ਕਿਸ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਈ ਹੈ। ਮੇਰੇ ਖ਼ਿਲਾਫ਼ ਜੋ ਵੀ ਦੋਸ਼ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਨਿਰਆਧਾਰ ਹਨ।''

ਜ਼ਿਲ੍ਹਾ ਚੋਣ ਅਧਿਕਾਰੀ ਦੇਵੇਂਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਕਿਸ਼ਨ ਨੂੰ ਤਿੰਨ ਨੋਟਿਸ ਜਾਰੀ ਕਰ ਕੇ ਸਾਰੇ ਦਸਤਾਵੇਜ਼ ਪੂਰੇ ਕਰਨ ਲਈ ਕਿਹਾ ਗਿਆ ਸੀ, ਪਰ ਉਹ ਦਸਤਾਵੇਜ਼ ਜਮ੍ਹਾਂ ਕਰਵਾਉਣ ਵਿਚ ਨਾਕਾਮ ਰਿਹਾ। ਉਸ ਨੇ ਅਧੂਰੇ ਦਸਤਾਵੇਜ਼ ਦਾਖਲ ਕੀਤੇ, ਜਿਸ ਕਰ ਕੇ ਉਸ ਦੀ ਨਾਮਜ਼ਦਗੀ ਰੱਦ ਹੋਈ।

ਕਿਸ਼ਨ ਨੇ ਪਹਿਲਾਂ ਕਿਹਾ ਸੀ ਕਿ ਉਹ ਗੋਰਖਪੁਰ ਤੋਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਖ਼ਿਲਾਫ਼ ਵੀ ਨਾਮਜ਼ਦਗੀ ਦਾਖ਼ਲ ਕਰੇਗਾ। -ਪੀਟੀਆਈ



Most Read

2024-09-23 12:21:54