Breaking News >> News >> The Tribune


ਭਾਰਤ ਨੇ ਅਫ਼ਗਾਨਿਸਤਾਨ ਨੂੰ ਰਾਹਤ ਸਮੱਗਰੀ ਭੇਜੀ


Link [2022-01-30 08:13:13]



ਨਵੀਂ ਦਿੱਲੀ, 29 ਜਨਵਰੀ

ਭਾਰਤ ਨੇ ਜੰਗ ਪ੍ਰਭਾਵਿਤ ਦੇਸ਼ ਅਫ਼ਗਾਨਿਸਤਾਨ ਨੂੰ ਰਾਹਤ ਸਮੱਗਰੀ ਦੀ ਚੌਥੀ ਖੇਪ ਭੇਜੀ। ਇਸ ਖੇਪ ਵਿੱਚ ਜ਼ਿੰਦਗੀ ਬਚਾਉਣ ਵਾਲੀਆਂ ਤਿੰਨ ਟਨ ਦਵਾਈਆਂ ਭੇਜੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਦਵਾਈਆਂ ਤੇ ਅਨਾਜ ਦੇ ਰੂਪ ਵਿਚ ਉੱਥੋਂ ਦੇ ਲੋਕਾਂ ਦੀ ਹੋਰ ਮਦਦ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਵਿਦੇਸ਼ ਮੰਤਰਾਲੇ ਨੇ ਦਿੱਤੀ।

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤ ਅਫ਼ਗਾਨਿਸਤਾਨ ਦੇ ਲੋਕਾਂ ਨਾਲ ਆਪਣੇ ਵਿਸ਼ੇਸ਼ ਸਬੰਧ ਜਾਰੀ ਰੱਖਣ ਅਤੇ ਉਨ੍ਹਾਂ ਨੂੰ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਂਦੇ ਰਹਿਣ ਲਈ ਵਚਨਬੱਧ ਹੈ। ਬਿਆਨ 'ਚ ਵਿਦੇਸ਼ ਮੰਤਰਾਲੇ ਨੇ ਕਿਹਾ, ''ਸਾਡੇ ਵੱਲੋਂ ਚੱਲਦੀ ਆ ਰਹੀ ਮਨੁੱਖੀ ਸਹਾਇਤਾ ਦੇ ਹਿੱਸੇ ਵਜੋਂ ਭਾਰਤ ਵੱਲੋਂ ਰਾਹਤ ਸਮੱਗਰੀ ਦੀ ਚੌਥੀ ਖੇਪ ਭੇਜੀ ਗਈ ਹੈ ਜਿਸ ਵਿਚ ਅਫ਼ਗਾਨਿਸਤਾਨ ਦੇ ਲੋਕਾਂ ਲਈ ਜ਼ਿੰਦਗੀ ਬਚਾਉਣ ਵਾਲੀਆਂ ਤਿੰਨ ਟਨ ਦਵਾਈਆਂ ਸ਼ਾਮਲ ਸਨ। ਇਹ ਖੇਪ ਕਾਬੁਲ ਸਥਿਤ ਇੰਦਰਾ ਗਾਂਧੀ ਹਸਪਤਾਲ ਨੂੰ ਸੌਂਪ ਦਿੱਤੀ ਗਈ ਹੈ।''

ਇਸ ਤੋਂ ਪਹਿਲਾਂ ਭਾਰਤ ਨੇ ਰਾਹਤ ਸਮੱਗਰੀ ਦੀਆਂ ਤਿੰਨ ਖੇਪਾਂ ਅਫ਼ਗਾਨਿਸਤਾਨ ਭੇਜੀਆਂ ਸਨ ਜਿਨ੍ਹਾਂ ਵਿਚ ਕੋਵਿਡ-19 ਰੋਕੂ ਵੈਕਸੀਨ ਦੀਆਂ 500,000 ਖੁਰਾਕਾਂ ਅਤੇ ਜ਼ਿੰਦਗੀ ਬਚਾਉਣ ਵਾਲੀਆਂ ਜ਼ਰੂਰੀ ਦਵਾਈਆਂ ਸ਼ਾਮਲ ਸਨ। ਇਹ ਖੇਪਾਂ ਵਿਸ਼ਵ ਸਿਹਤ ਸੰਸਥਾ ਅਤੇ ਕਾਬੁਲ ਦੇ ਬੱਚਿਆਂ ਦੇ ਇੰਦਰਾ ਗਾਂਧੀ ਹਸਪਤਾਲ ਨੂੰ ਸੌਂਪੀਆਂ ਗਈਆਂ ਸਨ। ਮੰਤਰਾਲੇ ਨੇ ਕਿਹਾ, ''ਆਉਣ ਵਾਲੇ ਹਫ਼ਤਿਆਂ ਵਿਚ ਅਸੀਂ ਰਾਹਤ ਸਮੱਗਰੀ ਦੀਆਂ ਹੋਰ ਖੇਪਾਂ ਭੇਜਾਂਗੇ ਤੇ ਇਨ੍ਹਾਂ ਖੇਪਾਂ ਵਿਚ ਅਫ਼ਗਾਨਿਸਤਾਨ ਦੇ ਲੋਕਾਂ ਲਈ ਦਵਾਈਆਂ ਅਤੇ ਅਨਾਜ ਭੇਜਿਆ ਜਾਵੇਗਾ।'' ਇਸ ਤੋਂ ਪਹਿਲਾਂ ਭਾਰਤ ਨੇ ਲੰਘੀ 7 ਜਨਵਰੀ ਨੂੰ ਜ਼ਿੰਦਗੀ ਬਚਾਉਣ ਵਾਲੀਆਂ ਦੋ ਟਨ ਦਵਾਈਆਂ ਅਫ਼ਗਾਨਿਸਤਾਨ ਭੇਜੀਆਂ ਸਨ। ਉਸ ਤੋਂ ਪਹਿਲਾਂ ਪਹਿਲੀ ਜਨਵਰੀ ਨੂੰ ਕੋਵਿਡ-19 ਵਿਰੋਧੀ ਵੈਕਸੀਨ ਦੇ ਪੰਜ ਲੱਖ ਡੋਜ਼ ਅਤੇ ਲੰਘੇ ਦਸੰਬਰ ਮਹੀਨੇ ਵਿਚ ਜ਼ਿੰਦਗੀ ਬਚਾਉਣ ਵਾਲੀਆਂ 1.6 ਟਨ ਦਵਾਈਆਂ ਅਫ਼ਗਾਨਿਸਤਾਨ ਭੇਜੀਆਂ ਗਈਆਂ ਸਨ। ਭਾਰਤ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਉਸ ਵੱਲੋਂ ਸੜਕ ਰਾਹੀਂ ਅਫ਼ਗਾਨਿਸਤਾਨ ਨੂੰ 50,000 ਟਨ ਕਣਕ ਅਤੇ ਦਵਾਈਆਂ ਭੇਜੀਆਂ ਜਾਣਗੀਆਂ। -ਪੀਟੀਆਈ



Most Read

2024-09-23 14:23:03