Breaking News >> News >> The Tribune


ਯੂਪੀ ਨਹੀਂ, ਗੁਜਰਾਤ ਦੇ ਚੋਣ ਨਤੀਜੇ ਹੈਰਾਨ ਕਰਨਗੇ: ਅਖਿਲੇਸ਼


Link [2022-01-30 08:13:13]



ਗਾਜ਼ੀਆਬਾਦ, 29 ਜਨਵਰੀ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸੂਬੇ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਚੋਣ ਨਤੀਜੇ ਹੈਰਾਨਕੁਨ ਨਹੀਂ ਹੋਣਗੇ ਬਲਕਿ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਸਲ ਵਿਚ ਹੈਰਾਨ ਕਰਨ ਵਾਲੇ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਲੋਕ ਪਹਿਲਾਂ ਹੀ ਆਪਣਾ ਫ਼ੈਸਲਾ ਸੁਣਾ ਚੁੱਕੇ ਹਨ। ਇਸ ਲਈ ਭਾਜਪਾ ਘਬਰਾਈ ਹੋਈ ਹੈ। ਸ੍ਰੀ ਯਾਦਵ ਨੇ ਭਾਜਪਾ ਨੂੰ ਹਰਾਉਣ ਦਾ 'ਅੰਨ ਸੰਕਲਪ' ਲੈਣ ਤੋਂ ਬਾਅਦ ਰਾਸ਼ਟਰੀ ਲੋਕ ਦਲ ਦੇ ਮੁਖੀ ਜੈਯੰਤ ਚੌਧਰੀ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਪਹਿਲਾਂ ਹੀ ਹਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਮਹਾਤਮਾ ਗਾਂਧੀ ਦੇ ਕਾਤਲ ਨੂੰ ਸਨਮਾਨ ਦੇਣ ਵਾਲਿਆਂ ਨੂੰ ਚੋਣਾਂ ਵਿਚ ਸਬਕ ਸਿਖਾਉਣਗੇ। ਉੱਤਰ ਪ੍ਰਦੇਸ਼ ਦੇ ਚੋਣ ਨਤੀਜੇ ਸੂਬੇ ਵਿਚ ਖੇੜੇ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕ ਆਪਣਾ ਫ਼ੈਸਲਾ ਸੁਣਾ ਚੁੱਕੇ ਹਨ, ਇਸ ਲਈ ਚੋਣ ਨਤੀਜੇ ਹੈਰਾਨੀ ਵਾਲੇ ਨਹੀਂ ਹੋਣਗੇ। ਕਿਸਾਨ, ਨੌਜਵਾਨ ਵਪਾਰੀ ਅਤੇ ਆਮ ਲੋਕ ਇਹ ਮਨ ਬਣਾ ਚੁੱਕੇ ਹਨ ਕਿ ਉਹ ਸਮਾਜਵਾਦੀ ਪਾਰਟੀ ਗੱਠਜੋੜ ਦੀ ਸਰਕਾਰ ਹੀ ਬਣਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਤੋਂ ਬਾਅਦ ਗੁਜਰਾਤ ਵਿਚ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਅਸਲ ਵਿਚ ਹੈਰਾਨ ਕਰਨ ਵਾਲੇ ਹੋਣਗੇ। ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਕ ਦਾ ਅੰਨਦਾਤਾ ਉਸ ਦਾ ਅਪਮਾਨ ਕਰਨ ਵਾਲੀ ਭਾਜਪਾ ਨੂੰ ਕਿਵੇਂ ਮੁਆਫ਼ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਜੈਯੰਤ ਚੌਧਰੀ ਉਨ੍ਹਾਂ ਦੇ ਨਾਲ ਹਨ। ਉਹ ਦੋਵੇਂ ਰਲ ਕੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਨਗੇ। -ਪੀਟੀਆਈ

ਯੋਗੀ ਵੱਲੋਂ ਅਖਿਲੇਸ਼ ਯਾਦਵ ਪਾਕਿ ਸਮਰਥਕ ਕਰਾਰ

ਲਖ਼ਨਊ: ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸਮਾਜਵਾਦੀ ਪਾਰਟੀ 'ਤੇ ਵਿਅੰਗ ਕਸਦਿਆਂ ਕਿਹਾ ਕਿ ਪਿਛਲੀ ਸਰਕਾਰ ਨੇ ਹੱਜ ਹਾਊਸ ਬਣਾਇਆ ਸੀ, ਜਦਕਿ ਗਾਜ਼ੀਆਬਾਦ ਵਿਚ ਮਾਨਸਰੋਵਰ ਭਵਨ ਭਾਜਪਾ ਦੇ ਰਾਜ ਵਿਚ ਬਣਿਆ ਹੈ। ਗਾਜ਼ੀਆਬਾਦ ਦੇ ਦੌਰੇ ਉਤੇ ਆਏ ਮੁੱਖ ਮੰਤਰੀ ਨੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਕਾਰਜਾਂ ਦੀ ਸਪਾ ਦੇ ਕੰਮਾਂ ਨਾਲ ਤੁਲਨਾ ਕੀਤੀ। ਆਦਿੱਤਿਆਨਾਥ ਨੇ ਟਵੀਟ ਕੀਤਾ ਕਿ ਭਾਜਪਾ ਨੇ 94 ਕਰੋੜ ਰੁਪਏ ਦੀ ਲਾਗਤ ਨਾਲ ਮਾਨਸਰੋਵਰ ਭਵਨ ਬਣਾ ਕੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਨੇ ਅੱਜ ਗਾਜ਼ੀਆਬਾਦ ਵਿਚ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਯੋਗੀ ਨੇ ਕਿਹਾ ਕਿ ਪਹਿਲਾਂ ਮਾਫ਼ੀਆ ਵਪਾਰੀਆਂ ਨੂੰ ਪ੍ਰੇਸ਼ਾਨ ਕਰਦਾ ਸੀ, ਪਰ ਹੁਣ ਕੋਈ ਵੀ ਕਿਸੇ ਵਪਾਰੀ, ਡਾਕਟਰ ਜਾਂ ਗਰੀਬ ਨੂੰ ਪ੍ਰੇਸ਼ਾਨ ਨਹੀਂ ਕਰ ਸਕਦਾ। ਭਾਜਪਾ ਆਗੂ ਨੇ ਸਪਾ ਤੇ ਇਸ ਦੇ ਆਗੂ ਅਖਿਲੇਸ਼ ਯਾਦਵ ਨੂੰ ਵੀ ਨਿਸ਼ਾਨਾ ਬਣਾਇਆ। ਯੋਗੀ ਨੇ ਯਾਦਵ ਨੂੰ ਪਾਕਿਸਤਾਨ ਸਮਰਥਕ ਤੇ ਮੁਹੰਮਦ ਅਲੀ ਜਿਨਾਹ ਨੂੰ ਪੂਜਣ ਵਾਲਾ ਕਰਾਰ ਦਿੱਤਾ। ਯੋਗੀ ਨੇ ਕਿਹਾ ਕਿ ਭਾਜਪਾ ਸਰਦਾਰ ਪਟੇਲ ਨੂੰ ਪੂਜਦੀ ਹੈ ਤੇ ਉਹ ਜਿਨਾਹ ਨੂੰ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਪਾ ਪ੍ਰਧਾਨ ਨੇ ਪਾਕਿਸਤਾਨ ਤੇ ਜਿਨਾਹ ਬਾਰੇ ਟਿੱਪਣੀਆਂ ਕੀਤੀਆਂ ਸਨ। ਮੁੱਖ ਮੰਤਰੀ ਨੇ ਕਈ ਹੋਰ ਟਵੀਟਾਂ ਵਿਚ ਭਾਜਪਾ ਵੱਲੋਂ ਕੀਤੇ ਕਾਰਜ ਗਿਣਾਏ। -ਪੀਟੀਆਈ



Most Read

2024-09-23 14:30:00