Breaking News >> News >> The Tribune


ਯਾਦਵ ਤੇ ਜੈਯੰਤ ਦਾ ਏਕਾ ਸਿਰਫ਼ ਵੋਟਾਂ ਤੱਕ: ਸ਼ਾਹ


Link [2022-01-30 08:13:13]



ਮੁਜ਼ੱਫ਼ਰਨਗਰ, 29 ਜਨਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ 'ਸਪਾ' ਪ੍ਰਧਾਨ ਅਖਿਲੇਸ਼ ਯਾਦਵ ਉਤੇ ਵਿਅੰਗ ਕਸਦਿਆਂ ਕਿਹਾ ਕਿ ਯੂਪੀ ਵਿਚ ਕਾਨੂੰਨ-ਵਿਵਸਥਾ ਬਾਰੇ 'ਝੂਠ' ਬੋਲਦਿਆਂ ਉਨ੍ਹਾਂ ਨੂੰ 'ਸ਼ਰਮ' ਨਹੀਂ ਆਉਂਦੀ ਜਿੱਥੇ ਭਾਜਪਾ ਸਰਕਾਰ ਨੇ ਅਪਰਾਧੀਆਂ ਤੇ ਮਾਫ਼ੀਆ ਨੂੰ ਭਜਾਇਆ ਹੈ ਜੋ ਪਿਛਲੀ ਸਰਕਾਰ ਦੌਰਾਨ ਬੇਰੋਕ ਆਪਣੀਆਂ ਕਾਰਵਾਈਆਂ ਕਰ ਰਹੇ ਸਨ। ਸ਼ਾਹ ਨੇ ਆਰਐਲਡੀ ਮੁਖੀ ਜੈਯੰਤ ਚੌਧਰੀ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਯਾਦਵ, ਚੌਧਰੀ ਅਤੇ ਇਨ੍ਹਾਂ ਪਾਰਟੀਆਂ ਦੇ ਆਗੂ ਜਿਹੜਾ ਏਕਾ ਦਿਖਾ ਰਹੇ ਹਨ, ਉਹ ਬਸ ਚੋਣਾਂ ਤੱਕ ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਾਇਮੀ ਵਿਚ ਆਜ਼ਮ ਖ਼ਾਨ ਤੇ ਅਤੀਕ ਅਹਿਮਦ ਵਰਗੇ ਲੋਕਾਂ ਦੀ ਕੇਂਦਰੀ ਭੂਮਿਕਾ ਹੋਵੇਗੀ ਤੇ ਚੌਧਰੀ ਕਿਤੇ ਨਜ਼ਰ ਨਹੀਂ ਆਉਣਗੇ। ਪੱਛਮੀ ਉੱਤਰ ਪ੍ਰਦੇਸ਼ ਵਿਚ ਭਾਜਪਾ ਲਈ ਸਮਰਥਨ ਮੰਗਦਿਆਂ ਸ਼ਾਹ ਨੇ ਉੱਘੇ ਜਾਟ ਆਗੂ ਮਰਹੂਮ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਇਸ ਮੌਕੇ ਕਿਸਾਨ ਆਗੂ ਮਹੇਂਦਰ ਸਿੰਘ ਟਿਕੈਤ ਦਾ ਨਾਂ ਵੀ ਲਿਆ ਤੇ ਪੁੱਛਿਆ ਕਿ ਕੀ ਇਲਾਕੇ ਦੇ ਲੋਕ 2013 ਦੇ ਮੁਜ਼ੱਫ਼ਰਨਗਰ ਦੰਗੇ ਭੁੱਲ ਸਕਦੇ ਹਨ ਜਿਨ੍ਹਾਂ ਵਿਚ 'ਪੀੜਤਾਂ ਨੂੰ ਹੀ ਮੁਲਜ਼ਮ ਬਣਾ ਦਿੱਤਾ ਗਿਆ ਸੀ।' ਗ੍ਰਹਿ ਮੰਤਰੀ ਨੇ ਕਿਹਾ ਕਿ ਦੰਗਿਆਂ ਦੌਰਾਨ ਪੁਲੀਸ ਨੇ ਵੋਟ ਬੈਂਕ ਨੂੰ ਦਿਮਾਗ ਵਿਚ ਰੱਖ ਕੇ ਕਾਰਵਾਈ ਕੀਤੀ। ਮੁਜ਼ੱਫ਼ਰਨਗਰ ਵਿਚ 2013 ਵਿਚ ਫ਼ਿਰਕੂ ਹਿੰਸਾ ਹੋਈ ਸੀ ਤੇ 60 ਜਣੇ ਮਾਰੇ ਗਏ ਸਨ। ਗ੍ਰਹਿ ਮੰਤਰੀ ਨੇ ਇਸ ਮੌਕੇ ਅਪਰਾਧ ਦੇ ਅੰਕੜੇ ਪੇਸ਼ ਕਰ ਕੇ ਵਰਤਮਾਨ ਭਾਜਪਾ ਸਰਕਾਰ ਤੇ ਪਿਛਲੀ ਸਪਾ ਸਰਕਾਰ ਦੀ ਕਾਰਗੁਜ਼ਾਰੀ ਦੀ ਤੁਲਨਾ ਵੀ ਕੀਤੀ। -ਪੀਟੀਆਈ

ਕਿਸਾਨਾਂ ਦੇ ਮੁੱਦੇ 'ਤੇ ਸਪਾ ਤੇ ਬਸਪਾ ਨੂੰ ਘੇਰਨ ਦਾ ਯਤਨ

ਅਮਿਤ ਸ਼ਾਹ ਨੇ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਕਿਸਾਨਾਂ ਦੇ ਮੁੱਦੇ ਉਤੇ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ 42 ਖੰਡ ਮਿੱਲਾਂ ਸਨ ਜਿਨ੍ਹਾਂ ਵਿਚੋਂ 21 ਸਪਾ ਅਤੇ ਬਸਪਾ ਵੱਲੋਂ ਬੰਦ ਕੀਤੀਆਂ ਗਈਆਂ। ਜਦਕਿ ਭਾਜਪਾ ਰਾਜ ਦੌਰਾਨ ਕੋਈ ਵੀ ਮਿੱਲ ਬੰਦ ਨਹੀਂ ਹੋਈ ਤੇ ਕਿਸਾਨਾਂ ਨੂੰ ਅਦਾਇਗੀ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਮੈਨੀਫੈਸਟੋ ਵਿਚ ਵਾਅਦਾ ਕਰ ਰਹੀ ਹੈ ਕਿ ਜੇ ਅਦਾਇਗੀ ਵਿਚ ਦੇਰੀ ਹੁੰਦੀ ਹੈ ਤਾਂ ਖੰਡ ਮਿੱਲਾਂ ਤੋਂ ਵਿਆਜ ਲਿਆ ਜਾਵੇਗਾ।



Most Read

2024-09-23 12:24:45