Breaking News >> News >> The Tribune


ਬੀਟਿੰਗ ਰੀਟਰੀਟ ’ਚ ਡਰੋਨਾਂ ਨੇ ਬਿਖੇਰੇ ਆਸਮਾਨ ’ਚ ਰੰਗ


Link [2022-01-30 08:13:13]



ਨਵੀਂ ਦਿੱਲੀ, 29 ਜਨਵਰੀ

ਇਤਿਹਾਸਕ ਵਿਜੈ ਚੌਕ 'ਚ ਜਦੋਂ ਹਲਕੀ ਪੱਛੋ ਦੀ ਠੰਢੀ ਹਵਾ ਵਗ ਰਹੀ ਸੀ ਤਾਂ ਆਸਮਾਨ 'ਚ ਕਰੀਬ ਇਕ ਹਜ਼ਾਰ ਡਰੋਨਾਂ ਨੇ ਵੱਖ ਵੱਖ ਰੰਗ ਬਿਖੇਰ ਦਿੱਤੇ। ਇਸ ਦੇ ਨਾਲ ਅਣਗਿਣਤ ਰੰਗਾਂ ਨਾਲ ਦੇਸ਼ ਦੀ 75ਵੀਂ ਆਜ਼ਾਦੀ ਨੂੰ ਦਰਸਾਉਂਦੇ ਸ਼ੋਅ ਦੀ ਪੇਸ਼ਕਾਰੀ ਵੀ ਦਿੱਤੀ ਗਈ। ਬੀਟਿੰਗ ਰੀਟਰੀਟ ਸਮਾਰੋਹ ਦੌਰਾਨ ਸੰਗੀਤ ਦੀਆਂ ਧੁਨਾਂ ਨੇ ਰੰਗ ਬੰਨ੍ਹ ਦਿੱਤਾ। ਪਿਛਲੇ 70 ਸਾਲਾਂ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਮਹਾਤਮਾ ਗਾਂਧੀ ਦਾ ਪਸੰਦੀਦਾ ਭਜਨ 'ਅਬਾਈਡ ਵਿਦ ਮੀ' ਵਿਜੈ ਚੌਕ 'ਤੇ ਇਸ ਵਾਰ ਨਹੀਂ ਗੂੰਜਿਆ। ਇਸ ਭਜਨ ਦੀ ਥਾਂ 'ਤੇ ਕਵੀ ਪ੍ਰਦੀਪ ਦੇ ਦੇਸ਼ਭਗਤੀ ਵਾਲੇ ਗੀਤ 'ਐ ਮੇਰੇ ਵਤਨ ਕੇ ਲੋਗੋਂ' ਵਜਿਆ। ਇਸ ਸਾਲ ਦਾ ਬੀਟਿੰਗ ਰੀਟਰੀਟ ਸਮਾਗਮ 'ਮੇਕ ਇਨ ਇੰਡੀਆ' ਮੁਹਿੰਮ 'ਤੇ ਆਧਾਰਿਤ ਸੀ।

ਨਵੀਂ ਦਿੱਲੀ ਦੇ ਵਿਜੈ ਚੌਕ ਵਿੱਚ ਬੀਟਿੰਗ ਰੀਟਰੀਟ ਸਮਾਗਮ ਦੌਰਾਨ 75ਵੇਂ ਆਜ਼ਾਦੀ ਦਿਵਸ ਦੇ ਸਬੰਧ 'ਚ ਤਿਰੰਗੇ ਦੇ ਰੰਗ ਵਿੱਚ ਕੀਤੇ ਗਏ ਲੇਜ਼ਰ ਲਾਈਟ ਸ਼ੋਅ ਦੀ ਮਨਮੋਹਕ ਤਸਵੀਰ। -ਫੋਟੋ: ਪੀਟੀਆਈ

ਦੇਸੀ ਤਕਨਾਲੋਜੀ ਨਾਲ ਤਿਆਰ ਡਰੋਨਾਂ ਨੇ ਅਸਮਾਨ 'ਚ ਕਰੀਬ 10 ਮਿੰਟ ਤੱਕ ਆਪਣੇ ਰੰਗ ਬਿਖੇਰੇ। ਨੌਰਥ ਅਤੇ ਸਾਊਥ ਬਲਾਕ ਨੂੰ ਵੀ ਉਚੇਚੇ ਤੌਰ 'ਤੇ ਰੰਗਿਆ ਗਿਆ ਸੀ। ਥਲ, ਜਲ ਅਤੇ ਹਵਾਈ ਸੈਨਾਵਾਂ ਤੇ ਹਥਿਆਰਬੰਦ ਬਲਾਂ ਦੇ ਬੈਂਡਾਂ ਦੀਆਂ ਧੁਨਾਂ ਨੇ ਲੋਕਾਂ ਨੂੰ ਥਿਰਕਣ ਲਈ ਮਜਬੂਰ ਕਰ ਦਿੱਤਾ। 'ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ਦਾ ਜਸ਼ਨ ਮਨਾਉਣ ਲਈ ਨਵੀਆਂ ਧੁਨਾਂ 'ਕੇਰਲਾ', 'ਹਿੰਦ ਕੀ ਸੈਨਾ' ਅਤੇ 'ਐ ਮੇਰੇ ਵਤਨ ਕੇ ਲੋਗੋਂ' ਨੂੰ ਉਚੇਚੇ ਤੌਰ 'ਤੇ ਸਮਾਗਮ 'ਚ ਸ਼ਾਮਲ ਕੀਤਾ ਗਿਆ। ਰਾਸ਼ਟਰਪਤੀ ਅਤੇ ਫ਼ੌਜ ਦੇ ਮੁੱਖ ਕਮਾਂਡਰ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਥਲ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਹਵਾਈ ਸੈਨਾ ਮੁਖੀ ਏਅਰ ਮਾਰਸ਼ਲ ਵੀ ਆਰ ਚੌਧਰੀ ਸਮੇਤ ਹੋਰ ਹਸਤੀਆਂ ਨੇ ਬੀਟਿੰਗ ਰੀਟਰੀਟ ਦੀ ਸ਼ੋਭਾ ਵਧਾਈ। ਬੀਟਿੰਗ ਰੀਟਰੀਟ ਸਮਾਗਮ ਨਾਲ ਗਣਤੰਤਰ ਦਿਵਸ ਦੇ ਜਸ਼ਨਾਂ ਦੀ ਸਮਾਪਤੀ ਹੋ ਗਈ ਹੈ ਜੋ ਇਸ ਸਾਲ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮੌਕੇ 23 ਜਨਵਰੀ ਤੋਂ ਆਰੰਭ ਹੋ ਗਏ ਸਨ। -ਪੀਟੀਆਈ



Most Read

2024-09-23 14:26:41