World >> The Tribune


ਕਸ਼ਮੀਰ ਮਸਲਾ ਸੰਵਾਦ ਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਵੇ: ਇਮਰਾਨ


Link [2022-01-30 04:33:27]



ਪੇਈਚਿੰਗ/ਇਸਲਾਮਾਬਾਦ, 29 ਜਨਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਆਪਣੇ ਚੀਨ ਦੌਰੇ ਤੋਂ ਪਹਿਲਾਂ ਕਿਹਾ ਕਿ ਦੱਖਣੀ ਏਸ਼ੀਆ ਵਿਚ 'ਸਥਾਈ ਸ਼ਾਂਤੀ' ਲਈ ਇਹ ਜ਼ਰੂਰੀ ਹੈ ਕਿ ਖੇਤਰ ਵਿਚ 'ਰਣਨੀਤਕ ਤਵਾਜ਼ਨ' ਕਾਇਮ ਕੀਤਾ ਜਾਵੇ ਤੇ ਕਸ਼ਮੀਰ ਸਣੇ ਸਾਰੇ 'ਬਕਾਇਆ ਮੁੱਦੇ' ਸੰਵਾਦ, ਕੂਟਨੀਤੀ ਤੇ ਕੌਮਾਂਤਰੀ ਕਾਨੂੰਨਾਂ ਰਾਹੀਂ ਸੁਲਝਾਏ ਜਾਣ। ਉਨ੍ਹਾਂ ਸਰਹੱਦਾਂ ਸਬੰਧੀ ਹੋਰ ਲਟਕੇ ਮਸਲਿਆਂ ਦੀ ਗੱਲ ਵੀ ਕੀਤੀ। ਚੀਨ ਦੀ ਅਖਬਾਰ 'ਗਲੋਬਲ ਟਾਈਮਜ਼' ਵਿਚ ਪ੍ਰਕਾਸ਼ਿਤ ਲੇਖ ਵਿਚ ਖਾਨ ਨੇ ਕਸ਼ਮੀਰ ਮਸਲੇ ਦੇ ਹੱਲ ਬਾਰੇ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਸਰਹੱਦੀ ਮਸਲਿਆਂ ਦੇ ਹੱਲ ਨੂੰ ਦੱਖਣੀ ਏਸ਼ੀਆ ਵਿਚ ਸ਼ਾਂਤੀ ਲਈ ਜ਼ਰੂਰੀ ਦੱਸਿਆ ਹੈ। ਪ੍ਰਧਾਨ ਮੰਤਰੀ ਖਾਨ ਨੇ ਉਈਗਰ ਮੁਸਲਿਮਾਂ ਦੇ ਹੱਕਾਂ ਦੇ ਘਾਣ ਦੇ ਮਾਮਲੇ ਵਿਚ ਚੀਨ ਨੂੰ ਕਲੀਨ ਚਿੱਟ ਦਿੱਤੀ। ਇਮਰਾਨ ਚਾਰ ਫਰਵਰੀ ਨੂੰ ਪੇਈਚਿੰਗ ਵਿਚ ਸਰਦ ਰੁੱਤ ਉਲੰਪਿਕ ਦੇ ਉਦਘਾਟਨੀ ਸਮਾਗਮ ਵਿਚ ਹਿੱਸਾ ਲੈਣਗੇ। ਅਮਰੀਕਾ ਤੇ ਉਸ ਦੇ ਸਾਥੀ ਮੁਲਕ ਸ਼ਿਨਜਿਆਂਗ ਵਿਚ ਰਹਿੰਦੇ ਉਈਗਰਾਂ ਦੇ ਮਾਮਲੇ 'ਤੇ ਇਸ ਸਮਾਗਮ ਦਾ ਕੂਟਨੀਤਕ ਤੌਰ ਉਤੇ ਬਾਈਕਾਟ ਕਰ ਰਹੇ ਹਨ। ਇਮਰਾਨ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਦੇ ਦੂਤ ਨੇ ਚੀਨੀ ਰਾਜ ਦਾ ਦੌਰਾ ਕੀਤਾ ਹੈ ਤੇ ਦੋਸ਼ ਸਹੀ ਨਹੀਂ ਹਨ। ਉਦਘਾਟਨੀ ਸਮਾਗਮ ਵਿਚ ਹਿੱਸਾ ਲੈਣ ਤੋਂ ਇਲਾਵਾ ਖਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੀਟਿੰਗ ਵੀ ਕਰਨਗੇ। ਇਸ ਤੋਂ ਇਲਾਵਾ ਚੀਨ ਪਾਕਿਸਤਾਨ ਆਰਥਿਕ ਲਾਂਘੇ, ਚੀਨੀ ਕਰਜ਼ਿਆਂ ਦੇ ਨਿਵੇਸ਼ ਬਾਰੇ ਵੀ ਬੈਠਕਾਂ ਹੋਣਗੀਆਂ। ਚੀਨ ਵੱਲੋਂ ਜਾਰੀ ਸੂਚੀ ਮੁਤਾਬਕ ਉਦਘਾਟਨੀ ਸਮਾਗਮ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਵੀ ਹਿੱਸਾ ਲੈਣਗੇ। -ਪੀਟੀਆਈ

'ਜੰਮੂ ਕਸ਼ਮੀਰ 'ਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਕਿਉਂ ਚੁੱਪ ਰਹਿੰਦੇ ਨੇ ਪੱਛਮੀ ਮੁਲਕ'

ਸ਼ਿਨਜਿਆਂਗ ਵਿਚ ਰਹਿੰਦੇ ਉਈਗਰ ਮੁਸਲਮਾਨਾਂ ਦੇ ਘਾਣ ਦੇ ਮਾਮਲੇ ਉਤੇ ਚੀਨ ਨੂੰ ਕਲੀਨ ਚਿੱਟ ਦਿੰਦਿਆਂ ਇਮਰਾਨ ਖਾਨ ਨੇ ਦੋਸ਼ ਲਾਇਆ ਕਿ ਪੱਛਮੀ ਮੁਲਕ ਜੰਮੂ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੇ ਘਾਣ ਉਤੇ ਕਿਉਂ 'ਚੁਣ ਕੇ ਚੁੱਪ' ਧਾਰਦੇ ਹਨ। ਭਾਰਤ ਕਈ ਵਾਰ ਪਾਕਿਸਤਾਨ ਨੂੰ ਕਹਿ ਚੁੱਕਾ ਹੈ ਕਿ ਜੰਮੂ ਕਸ਼ਮੀਰ ਉਸ ਦਾ ਅਟੁੱਟ ਅੰਗ ਹੈ ਤੇ ਹਮੇਸ਼ਾ ਰਹੇਗਾ। ਭਾਰਤ ਨੇ ਪਾਕਿਸਤਾਨ ਨੂੰ ਅਸਲੀਅਤ ਸਵੀਕਾਰ ਕਰਨ ਤੇ ਭਾਰਤ ਵਿਰੋਧੀ ਪ੍ਰਚਾਰ ਬੰਦ ਕਰਨ ਲਈ ਵੀ ਕਿਹਾ ਸੀ।



Most Read

2024-09-21 15:32:28