World >> The Tribune


ਬਾਇਡਨ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ


Link [2022-01-29 12:56:31]



ਵਾਸ਼ਿੰਗਟਨ, 28 ਜਨਵਰੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਯੂਕਰੇਨ ਦੇ ਆਪਣੇ ਹਮਰੁਤਬਾ ਵਲਾਦੀਮੀਰ ਜ਼ੇਲੈਂਸਕੀ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਦੇ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਲਈ ਆਪਣੀ ਵਚਨਬੱਧਤਾ ਦੁਹਰਾਈ। ਅਮਰੀਕਾ ਨੇ ਰੂਸ ਨੂੰ ਯੂਕਰੇਨ 'ਤੇ ਹਮਲਾ ਕਰਨ ਤੋਂ ਰੋਕਣ ਲਈ ਉਸ ਖ਼ਿਲਾਫ਼ ਹਰ ਪਾਸਿਓਂ ਦਬਾਅ ਬਣਾਇਆ ਹੋਇਆ ਹੈ।

ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ, ''ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਯੂਕਰੇਨ ਦੇ ਆਪਣੇ ਹਮਰੁਤਬਾ ਵਲਾਦੀਮੀਰ ਜ਼ੇਲੈਂਸਕੀ ਨਾਲ ਗੱਲ ਕੀਤੀ। ਰਾਸ਼ਟਰਪਤੀ ਬਾਇਡਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੇਕਰ ਯੂਕਰੇਨ 'ਤੇ ਰੂਸ ਹਮਲਾ ਕਰਦਾ ਹੈ ਤਾਂ ਆਪਣੇ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਮਿਲ ਕੇ ਅਮਰੀਕਾ ਇਸ ਦਾ ਫੈਸਲਾਕੁਨ ਰੂਪ ਵਿਚ ਜਵਾਬ ਦੇਣ ਲਈ ਤਿਆਰ ਹੈ।'' ਵ੍ਹਾਈਟ ਹਾਊਸ ਨੇ ਦੱਸਿਆ ਕਿ ਦੋਹਾਂ ਆਗੂਆਂ ਨੇ ਯੂਰਪੀ ਸੁਰੱਖਿਆ ਬਾਰੇ ਆਪਸੀ ਕੂਟਨੀਤਿਕ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ ਅਤੇ 'ਯੂਕਰੇਨ ਤੋਂ ਬਿਨਾਂ ਯੂਕਰੇਨ ਬਾਰੇ ਕੁਝ ਵੀ ਨਹੀਂ', ਦੇ ਸਿਧਾਂਤ ਦਾ ਜ਼ਿਕਰ ਵੀ ਕੀਤਾ।

ਬਿਆਨ ਅਨੁਸਾਰ, ਫੋਨ 'ਤੇ ਗੱਲਬਾਤ ਦੌਰਾਨ ਬਾਇਡਨ ਨੇ 'ਨੌਰਮੈਂਡੀ' ਰੂਪ ਵਿਚ ਸੰਘਰਸ਼ ਦੇ ਹੱਲ ਦੀਆਂ ਕੋਸ਼ਿਸ਼ਾਂ ਲਈ ਅਮਰੀਕਾ ਦਾ ਸਮਰਥਨ ਦਿੱਤਾ ਅਤੇ ਆਸ ਪ੍ਰਗਟਾਈ ਕਿ ਜੁਲਾਈ 2020 ਦੀਆਂ ਜੰਗਬੰਦੀ ਦੀਆਂ ਸ਼ਰਤਾਂ ਨੂੰ ਲੈ ਕੇ ਧਿਰਾਂ ਵੱਲੋਂ 26 ਜਨਵਰੀ ਨੂੰ ਪ੍ਰਗਟਾਈ ਗਈ ਵਚਨਬੱਧਤਾ ਨਾਲ ਤਣਾਅ ਘੱਟ ਕਰਨ ਅਤੇ ਮਿੰਸਕ ਸਮਝੌਤਿਆਂ ਦੇ ਲਾਗੂਕਰਨ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਨੇ ਸਰਹੱਦ 'ਤੇ ਤਿਆਰੀ ਦੇਖੀ ਹੈ ਅਤੇ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ। ਉਨ੍ਹਾਂ ਕਿਹਾ, ''ਸਾਡਾ ਮੁਲਾਂਕਣ ਇਸ ਨੂੰ ਲੈ ਕੇ ਬਦਲਿਆ ਨਹੀਂ ਹੈ।''

ਉੱਧਰ, ਸਿਆਸੀ ਮਾਮਲਿਆਂ ਬਾਰੇ ਸਹਾਇਕ ਵਿਦੇਸ਼ ਮੰਤਰੀ ਵਿਕਟੋਰੀਆ ਨੁਲਾਂਦ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ''ਅਸੀਂ ਤੇ ਸਾਡੇ ਨਾਟੋ ਸਹਿਯੋਗੀ ਅਤੇ ਭਾਈਵਾਲ ਲੰਬੇ ਸਮੇਂ ਤੋਂ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਚਿੰਤਤ ਹਨ, ਜਿਨ੍ਹਾਂ ਨੂੰ ਰੂਸ ਨੇ ਉਠਾਇਆ ਸੀ। ਅਸੀਂ ਲੰਬੇ ਸਮੇਂ ਤੋਂ ਇਨ੍ਹਾਂ ਬਾਰੇ ਗੰਭੀਰਤਾ ਨਾਲ ਗੱਲਬਾਤ ਕਰ ਰਹੇ ਹਾਂ, ਜਿਸ ਵਿਚ ਮੱਧਮ ਦੂਰੀ ਤੱਕ ਮਾਰ ਕਰਨ ਵਾਲੇ ਅਤੇ ਘੱਟ ਦੂਰੀ ਵਾਲੇ ਪਰਮਾਣੂ ਹਥਿਆਰ ਸ਼ਾਮਲ ਹਨ, ਜੋ ਸਾਡੇ ਸਹਿਯੋਗੀਆਂ ਦੇ ਖੇਤਰ ਨੂੰ ਨਿਸ਼ਾਨਾ ਬਣਾ ਸਕਦੇ ਹਨ। ਯੂਕਰੇਨ ਦੁਆਲੇ ਹਥਿਆਰਾਂ ਅਤੇ ਫ਼ੌਜੀ ਕਾਰਵਾਈ ਤੋਂ ਅਸੀਂ ਵੀ ਚਿੰਤਤ ਹਾਂ।'' -ਪੀਟੀਆਈ

ਰੂਸ ਜੰਗ ਸ਼ੁਰੂ ਨਹੀਂ ਕਰੇਗਾ: ਲਾਵਰੋਵ

ਮਾਸਕੋ: ਯੂਕਰੇਨ 'ਤੇ ਹਮਲੇ ਦੀਆਂ ਸੰਭਾਵਨਾਵਾਂ ਵਿਚਾਲੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਕਿਹਾ ਕਿ ਰੂਸ ਜੰਗ ਸ਼ੁਰੂ ਨਹੀਂ ਕਰੇਗਾ ਪਰ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਪੱਛਮੀ ਦੇਸ਼ਾਂ ਨੂੰ ਉਸ ਦੇ ਸੁਰੱਖਿਆ ਹਿੱਤਾਂ ਨੂੰ ਦਰੜਨ ਵੀ ਨਹੀਂ ਦੇਵੇਗਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਦਿਨ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਚਿਤਾਵਨੀ ਦਿੱਤੀ ਸੀ ਕਿ ਇਸ ਗੱਲ ਦੀ 'ਸਪੱਸ਼ਟ ਸੰਭਾਵਨਾ' ਹੈ ਕਿ ਰੂਸ ਫਰਵਰੀ ਵਿਚ ਯੂਕਰੇਨ ਖ਼ਿਲਾਫ਼ ਫ਼ੌਜੀ ਕਾਰਵਾਈ ਕਰ ਸਕਦਾ ਹੈ। ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨੇ ਇਸ ਸਬੰਧੀ ਰੂਸੀ ਰੇਡੀਓ ਸਟੇਸ਼ਨ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ, ''ਜਦੋਂ ਤੱਕ ਇਹ ਰੂਸੀ ਸੰਘ 'ਤੇ ਨਿਰਭਰ ਹੈ ਉਦੋਂ ਤੱਕ ਜੰਗ ਨਹੀਂ ਹੋਵੇਗੀ, ਅਸੀਂ ਜੰਗ ਨਹੀਂ ਚਾਹੁੰਦੇ ਹਾਂ ਪਰ ਅਸੀਂ ਆਪਣੇ ਹਿੱਤਾਂ ਨੂੰ ਬੇਰਹਿਮੀ ਨਾਲ ਦਰੜਨ ਅਤੇ ਉਨ੍ਹਾਂ ਨੂੰ ਅਣਗੌਲਿਆਂ ਵੀ ਨਹੀਂ ਕਰਨ ਦੇਵਾਂਗੇ।'' ਰੂਸ ਨੇ ਯੂਕਰੇਨ ਦੀ ਸਰਹੱਦ ਕੋਲ 1,00,000 ਤੋਂ ਜ਼ਿਆਦਾ ਫ਼ੌਜੀ ਜਵਾਨ ਤਾਇਨਾਤ ਕੀਤੇ ਹੋਏ ਹਨ ਪਰ ਅਮਰੀਕਾ ਅਤੇ ਉਸ ਦੇ ਨਾਟੋ ਸਹਿਯੋਗੀਆਂ ਦਾ ਮੰਨਣਾ ਹੈ ਕਿ ਰੂਸ ਜੰਗ ਵੱਲ ਵਧ ਰਿਹਾ ਹੈ ਅਤੇ ਇਸ ਸਬੰਧੀ ਤਿਆਰੀ ਕਰ ਰਿਹਾ ਹੈ। ਰੂਸ ਦੀਆਂ ਮੁੱਖ ਮੰਗਾਂ ਵਿਚ ਨਾਟੋ 'ਚ ਯੂਕਰੇਨ ਨੂੰ ਸ਼ਾਮਲ ਨਾ ਕਰਨਾ ਅਤੇ ਖੇਤਰ ਤੋਂ ਅਜਿਹੇ ਹਥਿਆਰਾਂ ਨੂੰ ਹਟਾਉਣਾ ਸ਼ਾਮਲ ਹੈ, ਜਿਸ ਨਾਲ ਰੂਸ ਨੂੰ ਖਤਰਾ ਹੋ ਸਕਦਾ ਹੈ। ਅਮਰੀਕਾ ਤੇ ਨਾਟੋ ਰੂਸ ਦੀਆਂ ਮੁੱਖ ਮੰਗਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਛੋਟ ਨੂੰ ਦ੍ਰਿੜ੍ਹਤਾ ਨਾਲ ਖਾਰਜ ਕਰ ਚੁੱਕੇ ਹਨ। ਹਾਲਾਂਕਿ, ਤਣਾਅ ਘਟਾਉਣ ਲਈ ਅਮਰੀਕਾ ਨੇ ਉਨ੍ਹਾਂ ਮੁੱਦਿਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ। -ੲੇਪੀ



Most Read

2024-09-21 15:27:56