World >> The Tribune


ਅਮਰੀਕਾ-ਕੈਨੇਡਾ ਸਰਹੱਦ ਕੋਲ ਮਰੇ ਮਿਲੇ ਪਰਿਵਾਰ ਦੀ ਪਛਾਣ ਹੋਈ


Link [2022-01-29 12:56:31]



ਨਿਊਯਾਰਕ/ਟੋਰਾਂਟੋ, 28 ਜਨਵਰੀ

ਅਮਰੀਕਾ-ਕੈਨੇਡਾ ਦੀ ਸਰਹੱਦ ਕੋਲ ਮ੍ਰਿਤ ਮਿਲੇ ਚਾਰ ਭਾਰਤੀ ਨਾਗਰਿਕਾਂ ਦੇ ਪਰਿਵਾਰ ਦੀ ਪਛਾਣ ਹੋ ਗਈ ਹੈ ਅਤੇ ਹੁਣ ਕੈਨੇਡਾ ਦੇ ਅਧਿਕਾਰੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਪਰਿਵਾਰ ਸਰਹੱਦ ਕੋਲ ਕਿਵੇਂ ਪਹੁੰਚਿਆ। ਅਧਿਕਾਰੀਆਂ ਵੱਲੋਂ ਲੋਕਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਪਰਿਵਾਰ ਨਾਲ ਅਜਿਹਾ ਕੀ ਹੋਇਆ ਅਤੇ ਪੁਲੀਸ ਵੱਲੋਂ ਲੋਕਾਂ ਨੂੰ ਇਸ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਹੋਣ 'ਤੇ ਅਧਿਕਾਰੀਆਂ ਨਾਲ ਸਾਂਝੀ ਕਰਨ ਲਈ ਕਿਹਾ ਜਾ ਰਿਹਾ ਹੈ।

ਮੈਨੀਟੋਬਾ ਦੀ 'ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਗਦੀਸ਼ ਬਲਦੇਵਭਾਈ ਪਟੇਲ (39), ਵੈਸ਼ਾਲੀਬੇਨ ਜਗਦੀਸ਼ ਕੁਮਾਰ ਪਟੇਲ (37), ਵਿਹੰਗੀ ਜਗਦੀਸ਼ ਕੁਮਾਰ ਪਟੇਲ (11) ਅਤੇ ਜਗਦੀਸ਼ ਕੁਮਾਰ ਪਟੇਲ (3) ਵਜੋਂ ਹੋਈ ਹੈ। ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ ਜੋ 19 ਜਨਵਰੀ ਨੂੰ ਕੈਨੇਡਾ-ਅਮਰੀਕਾ ਸਰਹੱਦ ਤੋਂ ਲਗਪਗ 12 ਮੀਟਰ ਦੂਰ ਮੈਨੀਟੋਬਾ ਦੇ ਐਮਰਸਨਕੋਲ ਮਰੇ ਮਿਲੇ ਸਨ। ਇਹ ਪਰਿਵਾਰ ਭਾਰਤ ਦੇ ਗੁਜਰਾਤ ਦਾ ਰਹਿਣ ਵਾਲਾ ਸੀ। ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਕਿ ਪਰਿਵਾਰ ਵਿਚ ਇਕ ਬਾਲਗ ਪੁਰਸ਼, ਇਕ ਬਾਲਗ ਮਹਿਲਾ, ਇਕ ਕਿਸ਼ੋਰ ਅਤੇ ਇਕ ਬੱਚਾ ਸ਼ਾਮਲ ਹਨ, ਪਰ ਹੁਣ ਮ੍ਰਿਤਕਾਂ ਵਿਚ ਇਕ ਕਿਸ਼ੋਰ ਦੀ ਥਾਂ ਇਕ ਮੁਟਿਆਰ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।

ਮੈਨੀਟੋਬਾ ਦੀ ਰੌਇਲ ਮਾਊਂਟਿਡ ਪੁਲੀਸ ਦੇ ਚੀਫ਼ ਸੁਪਰਡੈਂਟ ਰੌਬ ਹਿੱਲ ਨੇ ਇਕ ਬਿਆਨ ਵਿਚ ਕਿਹਾ, ''ਸ਼ੁਰੂਆਤ ਵਿਚ ਅਸੀਂ, ਇਕ ਮ੍ਰਿਤਕ ਦੀ ਪਛਾਣ ਕਿਸ਼ੋਰ ਦੇ ਰੂਪ ਵਿਚ ਕੀਤੀ ਸੀ। ਅਸੀਂ ਇਸ ਵਾਸਤੇ ਮੁਆਫ਼ੀ ਚਾਹੁੰਦੇ ਹਾਂ, ਪਰ ਸਮਝਣ ਦੀ ਕੋਸ਼ਿਸ ਕਰੋ ਜਿਸ ਤਰ੍ਹਾਂ ਜੰਮੇ ਹੋਏ ਹਾਲਤ ਵਿਚ ਲਾਸ਼ਾਂ ਮਿਲੀਆਂ ਸਨ ਉਨ੍ਹਾਂ ਦੀ ਪਛਾਣ ਕਰ ਸਕਣਾ ਮੁਸ਼ਕਿਲ ਸੀ, ਇਸ ਵਾਸਤੇ ਉਨ੍ਹਾਂ ਦੇ ਨਾਵਾਂ ਦਾ ਪਤਾ ਲਾਉਣ ਵਿਚ ਸਮਾਂ ਲੱਗਿਆ।''

ਹਿੱਲ ਨੇ ਦੱਸਿਆ ਕਿ ਪਟੇਲ ਪਰਿਵਾਰ 12 ਜਨਵਰੀ 2022 ਨੂੰ ਟੋਰਾਂਟੋ ਆਇਆ ਸੀ। ਉੱਥੋਂ 18 ਜਨਵਰੀ ਦੇ ਆਸਪਾਸ ਐਮਰਸਨ ਲਈ ਨਿਕਲਿਆ। ਇਸ ਤੋਂ ਇਕ ਦਿਨ ਬਾਅਦ ਹੀ ਕੜਾਕੇ ਦੀ ਠੰਢ ਦੀ ਲਪੇਟ ਵਿਚ ਆਉਣ ਨਾਲ ਸਰਹੱਦ ਕੋਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਕੋਈ ਵਾਹਨ ਬਰਾਮਦ ਨਹੀਂ ਹੋਇਆ ਹੈ, ਜਿਸ ਤੋਂ ਲੱਗਦਾ ਹੈ ਕਿ ਕੋਈ ਪਰਿਵਾਰ ਨੂੰ ਸਰਹੱਦ ਤੱਕ ਲੈ ਕੇ ਆਇਆ ਸੀ ਅਤੇ ਫਿਰ ਉਨ੍ਹਾਂ ਨੂੰ ਉੱਥੇ ਛੱਡ ਕੇ ਚਲਾ ਗਿਆ। ਹਿੱਲ ਨੇ ਕਿਹਾ, ''ਕੈਨੇਡਾ ਵਿਚ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਅਮਰੀਕਾ ਵਿਚ ਜੋ ਗ੍ਰਿਫ਼ਤਾਰੀ ਹੋਈ ਹੈ, ਉਸ ਨਾਲ ਇਹ ਮਾਮਲਾ ਮਨੁੱਖੀ ਤਸਕਰੀ ਦਾ ਲੱਗਦਾ ਹੈ।'' ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਪ੍ਰਮੁੱਖ ਅਪਰਾਧ ਸੇਵਾਵਾਂ ਅਤੇ ਸੰਘੀ ਪੁਲੀਸ ਦੇ ਅਧਿਕਾਰੀ ਉਨ੍ਹਾਂ ਦੀ ਯਾਤਰਾ ਦੇ ਹਰ ਪਹਿਲੂ 'ਤੇ ਗੌਰ ਕਰ ਰਹੇ ਹਨ, ਜਿਸ ਵਿਚ ਉਨ੍ਹਾਂ ਦੇ 12 ਜਨਵਰੀ ਨੂੰ ਟੋਰਾਂਟੋ ਤੋਂ 18 ਜਨਵਰੀ ਦੇ ਆਸਪਾਸ ਐਮਰਸਨ ਜਾਣ ਤੱਕ ਦਾ ਸਫ਼ਰ ਸ਼ਾਮਲ ਹੈ। ਹਿੱਲ ਨੇ ਕਿਹਾ, ''ਜਾਂਚ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਸ ਯਾਤਰਾ ਦਾ ਪ੍ਰਬੰਧ ਕਿਸੇ ਵਿਅਕਤੀ ਜਾਂ ਕਿਸੇ ਸਮੂਹ ਨੇ ਤਾਂ ਨਹੀਂ ਕੀਤਾ ਸੀ।''

ਹਿੱਲ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਕੈਨੇਡਾ ਵਿਚ ਰਹਿਣ ਦੌਰਾਨ ਲੋਕਾਂ ਨੇ ਪਟੇਲ ਪਰਿਵਾਰ ਨਾਲ ਗੱਲਬਾਤ ਕੀਤੀ ਹੋਵੇਗੀ। ਇਸ ਵਿਚ ਹੋਟਲ, ਗੈਸ ਸਟੇਸ਼ਨ ਜਾਂ ਰੈਸਟੋਰੈਂਟਾਂ ਦੇ ਕਾਮੇ ਸ਼ਾਮਲ ਹੋ ਸਕਦੇ ਹਨ।'' ਉਨ੍ਹਾਂ ਪਟੇਲ ਪਰਿਵਾਰ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਜਾਂ ਉਨ੍ਹਾਂ ਦੇ ਸਰਹੱਦ ਤੱਕ ਜਾਣ ਬਾਰੇ ਕੋਈ ਵੀ ਜਾਣਕਾਰੀ ਰੱਖਣ ਵਾਲਿਆਂ ਨੂੰ ਸਾਹਮਣੇ ਆਉਣ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ।''

ਆਰਸੀਐੱਮਪੀ ਨੇ ਇਸ ਗੱਲ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਪਟੇਲ ਪਰਿਵਾਰ ਕੈਨੇਡਾ ਕਿਵੇਂ ਆਇਆ ਅਤੇ ਫਿਰ ਐਮਰਸਨ ਕਿਵੇਂ ਪਹੁੰਚਿਆ। -ਪੀਟੀਆਈ

ਅਮਰੀਕਾ-ਕੈਨੇਡਾ ਦੀ ਸਰਹੱਦ 'ਤੇ ਮਰਨ ਵਾਲੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਵਾਪਸ ਨਹੀਂ ਲਿਆਂਦੀਆਂ ਜਾਣਗੀਆਂ: ਰਿਸ਼ਤੇਦਾਰ

ਅਹਿਮਦਾਬਾਦ: ਕੈਨੇਡਾ-ਅਮਰੀਕਾ ਦੀ ਸਰਹੱਦ 'ਤੇ ਹੱਡ ਚੀਰਵੀਂ ਠੰਢ ਕਾਰਨ ਮਰਨ ਵਾਲੇ ਗੁਜਰਾਤ ਦੇ ਗਾਂਧੀ ਨਗਰ ਜ਼ਿਲ੍ਹੇ ਦੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਵਾਪਸ ਭਾਰਤ ਨਹੀਂ ਲਿਆਂਦੀਆਂ ਜਾਣਗੀਆਂ। ਇਹ ਜਾਣਕਾਰੀ ਅੱਜ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦਿੱਤੀ। ਕੈਨੇਡਾ ਦੇ ਅਧਿਕਾਰੀਆਂ ਨੇ ਇਸ ਨੂੰ 'ਮਨੁੱਖੀ ਤਸਕਰੀ' ਦਾ ਸ਼ੱਕੀ ਮਾਮਲਾ ਦੱਸਿਆ ਹੈ। ਮ੍ਰਿਤਕਾਂ ਦੀ ਪਛਣਾਣ ਜਗਦੀਸ਼ ਪਟੇਲ (39), ਉਸ ਦੀ ਪਤਨੀ ਵੈਸ਼ਾਲੀਬੇਨ (37), ਧੀ ਵਿਹਾਂਗੀ (11) ਅਤੇ ਪੁੱਤਰ ਧਾਰਮਿਕ (3) ਦੇ ਰੂਪ ਵਿਚ ਹੋਈ ਹੈ। ਏਡੀਜੀਪੀ (ਸੀਆਈਡੀ-ਅਪਰਾਧ) ਅਨਿਲ ਪ੍ਰਥਮ ਨੇ ਕਿਹਾ, ''ਇਸ ਗੱਲ ਦੀ ਹੁਣ ਪੁਸ਼ਟੀ ਹੋ ਗਈ ਹੈ ਕਿ ਪਰਿਵਾਰ ਗਾਂਧੀ ਨਗਰ ਦੇ ਕਲੋਲ ਤਹਿਸੀਲ ਦੇ ਦਿਨਗੁਚਾ ਪਿੰਡ ਦਾ ਸੀ। ਕੈਨੇਡਾ 'ਚ ਭਾਰਤੀ ਸਫ਼ਾਰਤਖਾਨਾ ਇੱਥੇ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿਚ ਹੈ ਤਾਂ ਜੋ ਅੱਗੇ ਕਦਮ ਉਠਾਏ ਜਾ ਸਕਣ।'' ਪਿੰਡ ਵਾਸੀਆਂ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰ ਕੁਝ ਸਮੇਂ ਪਹਿਲਾਂ ਕਲੋਲ ਸ਼ਹਿਰ ਚਲੇ ਗਏ ਸਨ। ਜਗਦੀਸ਼ ਪਟੇਲ ਦੇ ਰਿਸ਼ਤੇਦਾਰ ਜਸਵੰਤ ਪਟੇਲ ਨੇ ਕਿਹਾ ਕਿ ਉਨ੍ਹਾਂ ਨੇ ਲਾਸ਼ਾਂ ਨੂੰ ਵਾਪਸ ਭਾਰਤ ਨਾ ਲਿਆਉਣ ਦਾ ਫ਼ੈਸਲਾ ਲਿਆ ਹੈ। -ਪੀਟੀਆਈ



Most Read

2024-09-21 15:30:07