World >> The Tribune


ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਸੱਤ ਭਾਰਤੀ ਰਿਹਾਅ


Link [2022-01-29 12:56:31]



ਨਿਊਯਾਰਕ, 28 ਜਨਵਰੀ

ਪਿਛਲੇ ਹਫ਼ਤੇ ਅਮਰੀਕਾ ਵਿਚ ਨਾਜਾਇਜ਼ ਢੰਗ ਨਾਲ ਦਾਖ਼ਲ ਹੋਣ ਵੇਲੇ ਅਮਰੀਕਾ-ਕੈਨੇਡਾ ਸਰਹੱਦ 'ਤੇ ਗ੍ਰਿਫ਼ਤਾਰ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਨੂੰ ਅਮਰੀਕੀ ਸਰਹੱਦ ਗਸ਼ਤੀ ਬਲ ਦੀ ਹਿਰਾਸਤ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾਵੇਗਾ।

ਅਮਰੀਕੀ ਆਬਕਾਰੀ ਤੇ ਸਰਹੱਦ ਸੁਰੱਖਿਆ ਵਿਭਾਗ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ''ਪਿਛਲੇ ਹਫ਼ਤੇ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਸੱਤ ਪਰਵਾਸੀਆਂ ਨੂੰ ਇਮੀਗ੍ਰੇਸ਼ਨ ਤੇ ਨਾਗਰਿਕਤਾ ਕਾਨੂੰਨ ਤਹਿਤ ਦੇਸ਼ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।'' ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੱਤ ਵਿੱਚੋਂ ਛੇ ਭਾਰਤੀਆਂ ਨੂੰ 'ਆਰਡਰ ਆਫ਼ ਸੁਪਰਵਿਜ਼ਨ' ਅਧੀਨ ਰੱਖਿਆ ਗਿਆ ਹੈ ਅਤੇ ਇਕ ਵਿਅਕਤੀ ਨੂੰ ਮਨੁੱਖੀ ਉਦੇਸ਼ ਨਾਲ 'ਆਰਡਰ ਆਫ਼ ਰੀਕੋਗਨੀਸੈਂਸ' ਤਹਿਤ ਛੱਡ ਦਿੱਤਾ ਗਿਆ ਹੈ।

ਬਿਆਨ ਵਿਚ ਕਿਹਾ ਗਿਆ ਹੈ, ''ਸਾਰੇ ਪਰਵਾਸੀਆਂ ਨੂੰ ਸਰਹੱਦ ਗਸ਼ਤੀ ਬਲ ਦੀ ਹਿਰਾਸਤ 'ਚੋਂ ਰਿਹਾਅ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਤੇ ਆਬਕਾਰੀ ਐਨਫੋਰਸਮੈਂਟ ਕੋਲ ਰਿਪੋਰਟ ਕਰਨ ਲਈ ਕਿਹਾ ਗਿਆ ਹੈ।'' ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਗੁਜਰਾਤ ਦੇ ਰਹਿਣ ਵਾਲੇ ਸੱਤ ਭਾਰਤੀਆਂ ਨੂੰ ਅਮਰੀਕੀ ਅਧਿਕਾਰੀਆਂ ਨੇ ਅਮਰੀਕਾ-ਕੈਨੇਡਾ ਸਰਹੱਦ ਨੇੜੇ ਕਾਬੂ ਕੀਤਾ ਸੀ। ਇਸ ਦੌਰਾਨ ਸਟੀਫ ਸ਼ੈਂਡ ਨਾਂ ਦੇ 47 ਸਾਲਾ ਵਿਅਕਤੀ 'ਤੇ ਮਨੁੱਖੀ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਉਹ 15 ਸਵਾਰੀਆਂ ਵਾਲੀ ਵੈਨ ਚਲਾ ਰਿਹਾ ਸੀ ਅਤੇ ਦੋ ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਿਹਾ ਸੀ, ਜੋ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਪੰਜ ਭਾਰਤੀ ਨਾਗਰਿਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਇਸ ਆਸ ਵਿਚ ਕੈਨੇਡਾ ਸਰਹੱਦ ਪਾਰ ਕਰ ਗਏ ਸਨ ਕਿ ਕੋਈ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਵੇਗਾ। -ਪੀਟੀਆਈ



Most Read

2024-09-21 17:42:16