World >> The Tribune


ਆਸਟਰੇਲੀਆ: ਸਾਈਬਰ ਸੁਰੱਖਿਆ ਵੱਲੋਂ ਫਲੂਬੋਟ ਮਾਲਵੇਅਰ ਦੀ ਚਿਤਾਵਨੀ


Link [2022-01-29 12:56:31]



ਹਰਜੀਤ ਲਸਾੜਾ

ਬ੍ਰਿਸਬਨ, 28 ਜਨਵਰੀ

ਇੱਥੇ ਏਸੀਸੀਸੀ ਦੀ ਡਿਪਟੀ ਚੇਅਰ ਡੇਲੀਆ ਰਿਕਾਰਡ ਅਨੁਸਾਰ ਆਸਟਰੇਲਿਆਈ ਫੋਨਾਂ 'ਤੇ ਫਲੂਬੋਟ ਘੁਟਾਲੇ ਦੇ 100 ਤੋਂ ਵੱਧ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਘੁਟਾਲੇ ਕਰਨ ਵਾਲੇ ਗਰੋਹ ਅਜੇ ਵੀ ਫ਼ੋਨ ਰਾਹੀਂ ਸ਼ੱਕੀ ਟੈਕਸਟ ਸੁਨੇਹਿਆਂ ਅਤੇ ਕਾਲਾਂ ਰਾਹੀਂ ਸਰਗਰਮ ਹਨ। ਪਿਛਲੇ ਸਾਲ ਅਗਸਤ ਤੋਂ ਲੈ ਕੇ ਹੁਣ ਤੱਕ ਇਕ ਲੱਖ ਤੋਂ ਵੱਧ ਆਸਟਰੇਲਿਆਈ ਨਾਗਰਿਕਾਂ ਨੇ ਅਨਜਾਣ ਮਿਸ ਕਾਲਾਂ, ਵਾਇਸ ਮੇਲਾਂ, ਡਿਲਿਵਰੀ ਸੁਨੇਹਿਆਂ ਕਾਰਨ ਆਪਣੇ ਬੈਂਕ ਖਾਤਿਆਂ 'ਚੋਂ ਤਕਰੀਬਨ 6.36 ਕਰੋੜ ਡਾਲਰ ਗੁਆਏ ਹਨ।

ਆਸਟਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੀ ਸਕੈਮਵਾਚ ਦਾ ਕਹਿਣਾ ਹੈ ਕਿ ਇਹ ਫਲੂਬੋਟ 'ਮਾਲਵੇਅਰ' ਹੈ ਜੋ ਐਂਡਰਾਇਡ ਅਤੇ ਆਈਫੋਨ ਦੋਹਾਂ ਗਾਹਕਾਂ ਨੂੰ ਸੁਨੇਹਿਆਂ ਰਾਹੀਂ ਕਿਸੇ ਚੀਜ਼ ਨੂੰ ਡਾਊਨਲੋਡ ਕਰਨ ਜਾਂ ਐਕਸੈਸ ਕਰਨ ਲਈ ਲਿੰਕ 'ਤੇ ਟੈਪ ਕਰਨ ਵਾਸਤੇ ਕਹਿੰਦਾ ਹੈ। ਸਾਈਬਰ ਸੁਰੱਖਿਆ ਮਾਹਿਰ ਡੈਰੇਨ ਪੌਲੀ ਅਨੁਸਾਰ, ''ਸਕੈਮਰਾਂ ਵੱਲੋਂ ਸਾਫਟਵੇਅਰ ਸਥਾਪਤ ਕੀਤੇ ਜਾਣ ਨਾਲ ਉਹ ਤੁਹਾਡੇ ਪਾਸਵਰਡ ਅਤੇ ਬੈਂਕ ਖਾਤਿਆਂ ਤੱਕ ਆਸਾਨੀ ਨਾਲ ਪਹੁੰਚ ਜਾਣਗੇ। ਘੁਟਾਲੇ ਕਰਨ ਵਾਲੇ ਅਕਸਰ ਆਪਣੀ ਕਾਲਰ ਆਈਡੀ ਨੂੰ ਜਾਇਜ਼ ਨੰਬਰਾਂ ਵਜੋਂ ਭੇਸ (ਸਪੂਫਿੰਗ) ਬਣਾਉਂਦੇ ਹਨ। ਗਾਹਕਾਂ ਨੂੰ ਇਨ੍ਹਾਂ ਸੁਨੇਹਿਆਂ 'ਤੇ ਕਲਿੱਕ ਕੀਤੇ ਬਿਨਾ ਤੁਰੰਤ ਮਿਟਾ ਦੇਣਾ ਚਾਹੀਦਾ ਹੈ ਅਤੇ ਅਨਜਾਣ ਤੇ ਬੇਤਰਤੀਬ ਨੰਬਰ ਵਾਲੀਆਂ ਕਾਲਾਂ ਤੋਂ ਬਚਿਆ ਜਾਵੇ।''

ਦੱਸਣਯੋਗ ਹੈ ਕਿ ਅਕਤੂਬਰ 2021 ਤੋਂ ਕੁਝ ਫਲੂਬੋਟ ਸੁਨੇਹਿਆਂ ਨੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਸੀ, "ਕਿਸੇ ਨੇ ਤੁਹਾਡੀਆਂ ਤਸਵੀਰਾਂ ਦੀ ਇੱਕ ਪੂਰੀ ਐਲਬਮ ਅਪਲੋਡ ਕੀਤੀ ਹੈ। ਪਾਉਣ ਲਈ ਇਸ ਲਿੰਕ 'ਤੇ ਜਾਓ।" ਫਲੂਬੋਟ ਸੁਨੇਹੇ ਆਮ ਤੌਰ 'ਤੇ ਡੀਐੱਚਐੱਲ ਅਤੇ ਐਮਾਜ਼ੋਨ ਦੀ ਡਿਲਿਵਰੀ ਦਾ ਹਵਾਲਾ ਦਿੰਦਿਆਂ ਕੁਝ ਕਾਰਵਾਈ ਕਰਨ ਲਈ ਕਹਿੰਦੇ ਹਨ। ਸਕੈਮਵਾਚ ਦਾ ਮੰਨਣਾ ਹੈ, ''ਜਦੋਂ ਤੱਕ ਤੁਸੀਂ ਆਪਣੀ ਡਿਵਾਈਸ ਨੂੰ ਸਾਫ਼ ਨਹੀਂ ਕਰ ਲੈਂਦੇ, ਉਦੋਂ ਤੱਕ ਕੋਈ ਵੀ ਪਾਸਵਰਡ ਜਾਂ ਆਪਣੇ ਕਿਸੇ ਵੀ ਖਾਤੇ ਵਿੱਚ ਨਾ ਜਾਓ। ਆਪਣੇ ਪਾਸਵਰਡ ਬਦਲੋ ਅਤੇ ਆਪਣੀ ਜਾਣਕਾਰੀ ਸੁਰੱਖਿਅਤ ਕਰੋ।''

ਉਨ੍ਹਾਂ ਕਿਹਾ ਕਿ ਡਿਵਾਈਸ ਨੂੰ 'ਫੈਕਟਰੀ ਰੀਸੈਟ' ਕਰਦੇ ਸਮੇਂ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਬਣਾਏ ਗਏ ਕਿਸੇ ਵੀ ਬੈਕਅਪ ਤੋਂ ਰੀਸਟੋਰ ਨਾ ਕਰੋ।'' ਸਾਈਬਰ ਅਧਿਕਾਰੀਆਂ ਨੇ ਅਜਿਹੀ ਸਥਿਤੀ 'ਚ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੈਂਕਾਂ ਨਾਲ ਸੰਪਰਕ ਕਰ ਕੇ ਇਹ ਯਕੀਨੀ ਬਣਾਉਣ ਕਿ ਸਾਰੇ ਖਾਤੇ ਸੁਰੱਖਿਅਤ ਹਨ।



Most Read

2024-09-21 15:33:26