Breaking News >> News >> The Tribune


ਵੋਟਾਂ ਖਾਤਰ ਭਾਜਪਾ ਨੇ ਖੇਤੀ ਕਾਨੂੰਨ ਵਾਪਸ ਲਏ: ਅਖਿਲੇਸ਼


Link [2022-01-29 05:14:16]



ਮੁਜ਼ੱਫਰਨਗਰ, 28 ਜਨਵਰੀ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਸਾਨਾਂ ਨੂੰ ਭਾਜਪਾ ਤੋਂ ਖ਼ਬਰਦਾਰ ਰਹਿਣ ਲਈ ਆਖਦਿਆਂ ਕਿਹਾ ਕਿ ਹੁਕਮਰਾਨ ਪਾਰਟੀ ਨੇ ਵੋਟਾਂ ਖਾਤਰ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਜੇਕਰ ਉੱਤਰ ਪ੍ਰਦੇਸ਼ 'ਚ ਉਨ੍ਹਾਂ ਦੇ ਗੱਠਜੋੜ ਦੀ ਸਰਕਾਰ ਬਣੀ ਤਾਂ ਉਹ ਅਜਿਹੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਸੂਬੇ 'ਚ ਲਾਗੂ ਨਹੀਂ ਹੋਣ ਦੇਣਗੇ। ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਮੁਖੀ ਜੈਅੰਤ ਚੌਧਰੀ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਖਿਲੇਸ਼ ਨੇ ਇਹ ਬਿਆਨ ਦਿੱਤਾ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੁੱਧਵਾਰ ਨੂੰ ਦਿੱਲੀ 'ਚ ਜਾਟ ਆਗੂਆਂ ਨਾਲ ਬੈਠਕ ਮਗਰੋਂ ਭਾਜਪਾ ਆਗੂਆਂ ਨੇ ਆਰਐੱਲਡੀ ਮੁਖੀ ਨੂੰ ਉਨ੍ਹਾਂ ਦੀ ਪਾਰਟੀ ਨਾਲ ਹੱਥ ਮਿਲਾਉਣ ਲਈ ਕਿਹਾ ਸੀ। ਪ੍ਰੈੱਸ ਕਾਨਫ਼ਰੰਸ ਦੌਰਾਨ ਜੈਯੰਤ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਪੱਕਾ ਅਤੇ ਮਜ਼ਬੂਤ ਹੈ। ਉਨ੍ਹਾਂ ਵੀ ਕਿਸਾਨਾਂ ਦੇ ਮੁੱਦਿਆਂ ਨੂੰ ਉਠਾਇਆ। ਜੈਯੰਤ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਸ਼ੱਕ ਸੀ ਕਿ ਕੀ ਦੋਵੇਂ ਪਾਰਟੀਆਂ ਗੱਠਜੋੜ ਕਰ ਸਕਣਗੀਆਂ ਜਾਂ ਨਹੀਂ। 'ਸਾਡੀ ਸਾਂਝ ਤਾਂ ਬਹੁਤ ਪਹਿਲਾਂ ਹੀ ਪੈ ਗਈ ਸੀ। ਅਸੀਂ ਯੂਪੀ ਦਾ ਵਿਕਾਸ ਚਾਹੁੰਦੇ ਹਾਂ ਅਤੇ ਇਸੇ ਕਰਕੇ ਗੱਠਜੋੜ ਕੀਤਾ ਹੈ ਤਾਂ ਜੋ ਚੌਧਰੀ ਚਰਨ ਸਿੰਘ ਦੀ ਜੰਗ ਨੂੰ ਅੱਗੇ ਵਧਾਇਆ ਜਾ ਸਕੇ।' ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਲੈ ਕੇ ਆ ਗਏ। 'ਕਿਸਾਨਾਂ ਨੇ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਭਾਜਪਾ ਨੇ ਵੋਟਾਂ ਖ਼ਾਤਰ ਕਾਨੂੰਨ ਵਾਪਸ ਲੈ ਲਏ। ਭਾਜਪਾ ਉਹ ਪਾਰਟੀ ਹੈ ਜਿਸ ਨੇ ਕਿਸੇ ਨੂੰ ਦੱਸੇ ਬਿਨਾਂ ਕਾਨੂੰਨ ਲਿਆਂਦੇ ਸਨ।' ਅਖਿਲੇਸ਼ ਨੇ ਕਿਹਾ ਕਿ ਉਹ ਅਤੇ ਜੈਯੰਤ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਮੁਲਾਇਮ ਸਿੰਘ ਯਾਦਵ ਅਤੇ ਮਰਹੂਮ ਕਿਸਾਨ ਆਗੂ ਮਹੇਂਦਰ ਸਿੰਘ ਟਿਕੈਤ ਵੱਲੋਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੇ ਅਹਿਦ ਨੂੰ ਅੱਗੇ ਵਧਾ ਰਹੇ ਹਨ। -ਪੀਟੀਆਈ

ਅਖਿਲੇਸ਼ ਯਾਦਵ ਵੱਲੋਂ ਦਿੱਲੀ ਵਿੱਚ ਡੱਕਣ ਦੇ ਦੋਸ਼

ਦਿੱਲੀ ਦੇ ਹਵਾਈ ਅੱਡੇ 'ਤੇ ਰੋਕੇ ਗਏ ਹੈਲੀਕਾਪਟਰ ਕੋਲ ਖੜ੍ਹੇ ਹੋਏ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ। -ਫੋਟੋ: ਪੀਟੀਆਈ

ਮੁਜ਼ੱਫਰਨਗਰ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਹੈ ਉਹ ਦਿੱਲੀ ਵਿਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਹੈਲੀਕਾਪਟਰ ਨੂੰ ਮੁਜ਼ੱਫਰਨਗਰ ਨਹੀਂ ਜਾਣ ਦਿੱਤਾ ਗਿਆ। ਇਸ ਸਬੰਧੀ ਸ੍ਰੀ ਯਾਦਵ ਨੇ ਟਵਿੱਟਰ 'ਤੇ ਹਿੰਦੀ ਵਿਚ ਪਾਈ ਪੋਸਟ ਵਿਚ ਆਪਣੇ ਪਿੱਛੇ ਖੜ੍ਹੇ ਹੈਲੀਕਾਪਟਰ ਨਾਲ ਖਿੱਚੀ ਤਸਵੀਰ ਪੋਸਟ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।ਉਨ੍ਹਾਂ ਕਿਹਾ, ''ਮੇਰਾ ਹੈਲੀਕਾਪਟਰ ਬਿਨਾਂ ਕੋਈ ਕਾਰਨ ਦੱਸਿਆਂ ਦਿੱਲੀ ਵਿਚ ਫਸਾ ਰੱਖਿਆ ਹੈ। ਮੈਨੂੰ ਮੁਜ਼ੱਫਰਨਗਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜਦੋਂਕਿ ਭਾਜਪਾ ਦੇ ਕਈ ਵੱਡੇ ਆਗੂ ਇੱਥੋਂ ਉਡਾਣ ਭਰ ਚੁੱਕੇ ਹਨ। ਇਹ ਹਾਰ ਦਾ ਸਾਹਮਣਾ ਕਰਨ ਵਾਲੀ ਭਾਜਪਾ ਦੀ ਬੌਖਲਾਹਟ ਹੈ।''ਇਸ ਤੋਂ ਕੁਝ ਦੇਰ ਬਾਅਦ ਯਾਦਵ ਨੇ ਇੱਕ ਹੋਰ ਟਵੀਟ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਉਡਾਣ ਭਰ ਰਹੇ ਹਨ। ਆਪਣੀ ਪਹਿਲੀ ਪੋਸਟ ਵਿਚ ਉਨ੍ਹਾਂ ਕਿਹਾ ਕਿ ਸੀ ਲੋਕ ਸਭ ਸਮਝਦੇ ਹਨ। ਕਰੀਬ ਅੱਧੇ ਘੰਟੇ ਬਾਅਦ ਅਖਿਲੇਸ਼ ਵੱਲੋਂ ਪਾਈ ਦੂਜੀ ਪੋਸਟ ਵਿਚ ਉਨ੍ਹਾਂ ਲਿਖਿਆ ਕਿ, ''ਸੱਤਾ ਦੀ ਦੁਰਵਰਤੋਂ ਹਾਰ ਦੀ ਨਿਸ਼ਾਨੀ ਹੈ। ਇਹ ਦਿਨ ਉਨ੍ਹਾਂ ਸੰਘਰਸ਼ ਦੇ ਇਤਿਹਾਸ ਵਿੱਚ ਵੀ ਦਰਜ ਹੋਵੇਗਾ। ਅਸੀਂ ਇਤਿਹਾਸ ਦੀ ਇਤਿਹਾਸਕ ਉਡਾਣ ਭਰ ਰਹੇ ਹਾਂ।'' ਅਖਿਲੇਸ਼ ਨੇ ਇਸ ਟਵੀਟ ਦੇ ਨਾਲ ਆਪਣੀ ਤਸਵੀਰ ਵੀ ਪੋਸਟ ਕੀਤੀ ਹੈ। ਅਖਿਲੇਸ਼ ਯਾਦਵ ਅਤੇ ਆਰਐਲਡੀ ਮੁਖੀ ਜੈਯੰਤ ਚੌਧਰੀ ਨੇ ਮੁਜ਼ੱਫਰਨਗਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਸਣੇ ਕੁਝ ਹੋਰ ਸਮਾਗਮਾਂ ਵਿਚ ਵੀ ਸ਼ਮੂਲੀਅਤ ਕਰਨੀ ਸੀ। ਬਲਵੰਤ ਿਸੰਘ ਰਾਮੂਵਾਲੀਆ ਨੇ ਇਸ ਘਟਨਾ ਦੀ ਿਨਖੇਧੀ ਕੀਤੀ ਹੈ। -ਪੀਟੀਆਈ



Most Read

2024-09-23 14:19:48