Breaking News >> News >> The Tribune


‘ਵਾਏ ਆਈ ਕਿਲਡ ਗਾਂਧੀ’ ਨੂੰ ਓਟੀਟੀ ’ਤੇ ਰਿਲੀਜ਼ ਕਰਨ ਖ਼ਿਲਾਫ਼ ਜਨਹਿੱਤ ਪਟੀਸ਼ਨ ਦਾਖ਼ਲ


Link [2022-01-29 05:14:16]



ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 28 ਜਨਵਰੀ

ਫਿਲਮ 'ਵਾਏ ਆਈ ਕਿਲਡ ਗਾਂਧੀ' ਨੂੰ ਓਟੀਟੀ ਪਲੈਟਫਾਰਮ 'ਤੇ ਰਿਲੀਜ਼ ਕਰਨ ਤੋਂ ਰੋਕਣ ਦੀ ਮੰਗ ਕਰਦਿਆਂ ਇਕ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ 'ਚ ਦਾਖ਼ਲ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਅਸ਼ੋਕ ਤਿਆਗੀ ਨੇ ਕੀਤਾ ਹੈ ਜਦਕਿ ਇਸ ਦੇ ਨਿਰਮਾਤਾ ਕਲਿਆਣੀ ਸਿੰਘ ਹਨ। ਫਿਲਮ 2017 'ਚ ਬਣ ਕੇ ਤਿਆਰ ਹੋ ਗਈ ਸੀ ਪਰ ਸੈਂਸਰ ਬੋਰਡ ਵੱਲੋਂ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਇਹ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਕੀਤੀ ਜਾ ਸਕੀ ਸੀ। ਹੁਣ ਇਸ ਨੂੰ 30 ਜਨਵਰੀ ਨੂੰ ਓਟੀਟੀ ਪਲੈਟਫਾਰਮ 'ਤੇ ਰਿਲੀਜ਼ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਦਿਨ ਨਾਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਸੀ। ਐੱਨਸੀਪੀ ਆਗੂ ਅਤੇ ਸ਼ਿਰੂਰ ਤੋਂ ਲੋਕ ਸਭਾ ਮੈਂਬਰ ਅਮੋਲ ਕੋਲਹੇ ਨੇ ਫਿਲਮ 'ਚ ਗੋਡਸੇ ਦੀ ਭੂਮਿਕਾ ਨਿਭਾਈ ਹੈ। ਪਿੱਛੇ ਜਿਹੇ ਉਸ ਨੇ ਸਪੱਸ਼ਟ ਕੀਤਾ ਸੀ ਕਿ ਉਹ ਗਾਂਧੀ ਦੀ ਵਿਚਾਰਧਾਰਾ 'ਚ ਯਕੀਨ ਰਖਦਾ ਹੈ ਅਤੇ ਉਸ ਨੇ ਆਪਣੇ ਆਪ ਨੂੰ ਅਦਾਕਾਰ ਸਾਬਤ ਕਰਨ ਲਈ ਇਸ ਵਿਵਾਦਤ ਭੂਮਿਕਾ ਨੂੰ ਚੁਣੌਤੀ ਵਜੋਂ ਲਿਆ ਸੀ। ਪਟੀਸ਼ਨਰ ਸਿਕੰਦਰ ਬਹਿਲ ਨੇ ਅਰਜ਼ੀ 'ਚ ਦੋਸ਼ ਲਾਇਆ ਹੈ ਕਿ ਫਿਲਮ 'ਚ ਨਾਥੂਰਾਮ ਗੋਡਸੇ ਨੂੰ ਵਡਿਆਇਆ ਗਿਆ ਹੈ ਅਤੇ ਮਹਾਤਮਾ ਗਾਂਧੀ ਦੀ ਹੱਤਿਆ ਜਿਹੇ ਕਾਰੇ ਦਾ ਜਸ਼ਨ ਮਨਾਇਆ ਗਿਆ ਹੈ। ਅਰਜ਼ੀ 'ਚ ਇਹ ਵੀ ਦੋਸ਼ ਲਾਇਆ ਗਿਆ ਕਿ ਫਿਲਮ ਰਾਸ਼ਟਰਪਿਤਾ ਦੀ ਦਿਖ ਨੂੰ ਢਾਹ ਲਾਉਣ ਦੇ ਨਾਲ ਨਾਲ ਫਿਰਕਾਪ੍ਰਸਤੀ ਨੂੰ ਭੜਕਾਉਣ, ਨਫ਼ਰਤ ਫੈਲਾਉਣ ਅਤੇ ਅਸ਼ਾਂਤੀ ਪੈਦਾ ਕਰਦੀ ਹੈ। ਬਹਿਲ ਨੇ ਸਿਖਰਲੀ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਓਟੀਟੀ ਪਲੈਟਫਾਰਮ ਨੂੰ ਨਿਯਮਤ ਕਰਨ ਦੇ ਨਿਰਦੇਸ਼ ਵੀ ਜਾਰੀ ਕਰੇ ਕਿਉਂਕਿ ਇਹ ਸੈਂਸਰ ਬੋਰਡ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ ਜਿਸ ਕਾਰਨ ਉਨ੍ਹਾਂ 'ਤੇ ਬਿਨਾਂ ਕਿਸੇ ਰੋਕ-ਟੋਕ ਦੇ ਸਮੱਗਰੀ ਪ੍ਰਸਾਰਿਤ ਕੀਤੀ ਜਾ ਰਹੀ ਹੈ।



Most Read

2024-09-23 14:22:58