World >> The Tribune


ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਜ਼ਾਹਿਰ


Link [2022-01-28 12:57:25]



ਵਾਸ਼ਿੰਗਟਨ, 27 ਜਨਵਰੀ

ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਅਮਰੀਕਾ ਦੇ ਚਾਰ ਸੰਸਦ ਮੈਂਬਰਾਂ ਨੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ 'ਤੇ ਅੱਜ ਚਿੰਤਾ ਜ਼ਾਹਿਰ ਕੀਤੀ।

'ਇੰਡੀਅਨ ਅਮਰੀਕਨ ਮੁਸਲਿਮ ਕੌਂਸਲ' ਵੱਲੋਂ ਡਿਜੀਟਲ ਢੰਗ ਨਾਲ ਕਰਵਾਈ ਗਈ ਪੈਨਲ ਚਰਚਾ ਨੂੰ ਸ੍ਰੀ ਅੰਸਾਰੀ ਅਤੇ ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਸੰਬੋਧਨ ਕੀਤਾ। ਭਾਰਤ ਹਾਲਾਂਕਿ, ਦੇਸ਼ ਵਿਚ ਨਾਗਰਿਕਾਂ ਦੀ ਆਜ਼ਾਦੀ ਖ਼ਤਮ ਹੋਣ ਬਾਰੇ ਵਿਦੇਸ਼ੀ ਸਰਕਾਰਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਦੋਸ਼ਾਂ ਦਾ ਖੰਡਨ ਕਰਦਾ ਰਿਹਾ ਹੈ। ਡੈਮੋਕਰੈਟਿਕ ਪਾਰਟੀ ਦੇ ਸੰਸਦ ਮੈਂਬਰ ਐਡ ਮਾਰਕੇਅ ਨੇ ਕਿਹਾ, ''ਇਕ ਅਜਿਹਾ ਮਾਹੌਲ ਬਣਿਆ ਹੈ, ਜਿੱਥੇ ਭੇਦਭਾਵ ਅਤੇ ਹਿੰਸਾ ਜੜ੍ਹ ਫੜ ਸਕਦੀ ਹੈ। ਹਾਲ ਦੇ ਸਾਲਾਂ ਵਿਚ ਅਸੀਂ ਆਨਲਾਈਨ ਨਫ਼ਰਤ ਭਰੇ ਭਾਸ਼ਣਾਂ ਅਤੇ ਨਫ਼ਰਤੀ ਕਾਰਵਾਈਆਂ ਵਿਚ ਵਾਧਾ ਦੇਖਿਆ ਹੈ। ਇਨ੍ਹਾਂ ਵਿਚ ਮਸਜਿਦਾਂ 'ਚ ਭੰਨ੍ਹਤੋੜ, ਗਿਰਜਾਘਰਾਂ ਨੂੰ ਸਾੜਨਾ ਅਤੇ ਫਿਰਕੂ ਹਿੰਸਾ ਵੀ ਸ਼ਾਮਲ ਹੈ।'' ਮਾਰਕੇਅ ਦਾ ਭਾਰਤ ਵਿਰੋਧੀ ਰੁਖ਼ ਅਖ਼ਤਿਆਰ ਕਰਨ ਵਿਚ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਪਰਮਾਣੂ ਸਮਝੌਤੇ ਦਾ ਵੀ ਵਿਰੋਧ ਕੀਤਾ ਸੀ।

ਭਾਰਤ ਤੋਂ ਡਿਜੀਟਲ ਢੰਗ ਨਾਲ ਚਰਚਾ ਵਿਚ ਹਿੱਸਾ ਲੈਂਦੇ ਹੋਏ ਸਾਬਕਾ ਉਪ ਰਾਸ਼ਟਰਪਤੀ ਅੰਸਾਰੀ ਨੇ ਵੀ ਹਿੰਦੂ ਰਾਸ਼ਟਰਵਾਦ ਦੇ ਵਧਦੇ ਰੁਝਾਨ 'ਤੇ ਆਪਣੀ ਚਿੰਤਾ ਜ਼ਾਹਿਰ ਕੀਤੀ। ਅੰਸਾਰੀ ਨੇ ਦੋਸ਼ ਲਗਾਇਆ, ''ਹਾਲ ਦੇ ਸਾਲਾਂ ਵਿਚ ਅਸੀਂ ਉਨ੍ਹਾਂ ਰੁਝਾਨਾਂ 'ਚ ਵਾਧੇ ਦਾ ਤਜਰਬਾ ਕੀਤਾ ਹੈ ਜੋ ਨਾਗਰਿਕ ਰਾਸ਼ਟਰਵਾਦ ਦੇ ਚੰਗੀ ਤਰ੍ਹਾਂ ਸਥਾਪਿਤ ਸਿਧਾਂਤ ਨੂੰ ਲੈ ਕੇ ਵਿਵਾਦ ਖੜ੍ਹਾ ਕਰਦੇ ਹਨ ਅਤੇ ਸੱਭਿਆਚਾਰਕ ਰਾਸ਼ਟਰਵਾਦ ਦੇ ਇਕ ਨਵੇਂ ਤੇ ਕਾਲਪਨਿਕ ਰੁਝਾਨ ਨੂੰ ਬੜ੍ਹਾਵਾ ਦਿੰਦੇ ਹਨ। ਉਹ ਨਾਗਰਿਕਾਂ ਨੂੰ ਉਨ੍ਹਾਂ ਦੇ ਧਰਮ ਦੇ ਆਧਾਰ 'ਤੇ ਵੱਖ ਕਰਨਾ ਚਾਹੁੰਦੇ ਹਨ, ਅਸਹਿਣਸ਼ੀਲਤਾ ਨੂੰ ਉਤਸਾਹਿਤ ਕਰਦੇ ਹਨ ਅਤੇ ਅਸ਼ਾਂਤੀ ਤੇ ਅਸੁਰੱਖਿਆ ਨੂੰ ਬੜ੍ਹਾਵਾ ਦਿੰਦੇ ਹਨ।''

ਚਰਚਾ ਵਿਚ ਤਿੰਨ ਹੋਰ ਅਮਰੀਕੀ ਸੰਸਦ ਮੈਂਬਰਾਂ ਜਿਮ ਮੈਕਗਵਰਨ, ਐਂਡੀ ਲੈਵਿਨ ਅਤੇ ਜੈਮੀ ਰਸਕਿਨ ਨੇ ਵੀ ਹਿੱਸਾ ਲਿਆ। ਇਨ੍ਹਾਂ ਤਿੰਨੋਂ ਨੇ ਸੰਸਦ ਮੈਂਬਰਾਂ ਨੇ ਵੀ ਹਮੇਸ਼ਾਂ ਦੀ ਤਰ੍ਹਾਂ ਭਾਰਤ ਵਿਰੋਧੀ ਰੁਖ਼ ਅਖ਼ਤਿਆਰ ਕੀਤਾ। ਰਸਕਿਨ ਨੇ ਕਿਹਾ, ''ਭਾਰਤ ਵਿਚ ਧਾਰਮਿਕ ਤਾਨਾਸ਼ਾਹੀ ਅਤੇ ਵਿਤਕਰੇ ਦੇ ਮੁੱਦੇ 'ਤੇ ਬਹੁਤ ਸਾਰੀਆਂ ਸਮੱਸਿਆਵਾਂ ਹਨ, ਇਸ ਵਾਸਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਭਾਰਤ ਹਰ ਕਿਸੇ ਲਈ ਧਾਰਮਿਕ ਸੁਤੰਤਰਤਾ, ਸੁਤੰਤਰਤਾ, ਬਹੁਲਵਾਦ, ਸਹਿਣਸ਼ੀਲਤਾ ਅਤੇ ਅਸਹਿਮਤੀ ਦਾ ਸਨਮਾਨ ਕਰਨ ਦੀ ਰਾਹ 'ਤੇ ਕਾਇਮ ਰਹੇ।'' ਲੈਵਿਨ ਨੇ ਕਿਹਾ, ''ਅਫ਼ਸੋਸ ਦੀ ਗੱਲ ਹੈ ਕਿ ਅੱਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਪਤਨ, ਮਨੁੱਖ ਅਧਿਕਾਰਾਂ ਦੇ ਘਾਣ ਅਤੇ ਧਾਰਮਿਕ ਰਾਸ਼ਟਰਵਾਦ ਨੂੰ ਉਭਰਦਾ ਦੇਖ ਰਿਹਾ ਹੈ। 2014 ਦੇ ਬਾਅਦ ਤੋਂ ਭਾਰਤ ਲੋਕਤੰਤਰ ਸੂਚਕ ਅੰਕ 'ਚ 27 ਤੋਂ ਡਿੱਗ ਕੇ 53 'ਤੇ ਆ ਗਿਆ ਹੈ ਅਤੇ 'ਫ੍ਰੀਡਮ ਹਾਊਸ' ਨੇ ਭਾਰਤ ਨੂੰ 'ਸੁਤੰਤਰ' ਤੋਂ 'ਅੰਸ਼ਿਕ ਤੌਰ 'ਤੇ ਸੁਤੰਤਰ' ਸ਼੍ਰੇਣੀ ਵਿਚ ਪਾ ਦਿੱਤਾ ਹੈ। ਭਾਰਤੀ ਅਮਰੀਕੀ ਮੁਸਲਿਮ ਕੌਂਸਲ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ''ਅਮਰੀਕੀ ਪ੍ਰਤੀਨਿਧ ਸਭਾ ਦੇ 'ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ' ਦੇ ਮੀਤ ਪ੍ਰਧਾਨ ਮੈਕਗਵਰਨ ਨੇ ਕਈ ਚਿਤਾਵਨੀ ਭਰੇ ਸੰਕੇਤ ਸੂਚੀਬੱਧ ਕੀਤੇ ਜੋ ਭਾਰਤ ਵਿਚ ਮਨੁੱਖ ਅਧਿਕਾਰਾਂ ਦੇ 'ਖ਼ਤਰਨਾਕ ਰੂਪ ਨਾਲ ਪਤਨ' ਨੂੰ ਦਰਸਾਉਂਦੇ ਹਨ। ਉੱਧਰ, ਭਾਰਤ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿਚ ਸਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਚੰਗੀ ਤਰ੍ਹਾਂ ਸਥਾਪਿਤ ਲੋਕਤੰਤਰਿਕ ਪ੍ਰਬੰਧ ਅਤੇ ਮਜ਼ਬੂਤ ਸੰਸਥਾਵਾਂ ਹਨ। -ਪੀਟੀਆਈ

ਅੰਸਾਰੀ ਨੂੰ ਪ੍ਰੋਗਰਾਮ 'ਚ ਹਿੱਸਾ ਨਹੀਂ ਸੀ ਲੈਣਾ ਚਾਹੀਦਾ: ਹੁਸੈਨ

ਪਟਨਾ: ਅਮਰੀਕਾ ਦੀ ਇਕ ਸੰਸਥਾ ਵੱਲੋਂ ਕਰਵਾਏ ਗਏ ਇਕ ਆਨਲਾਈਨ ਪ੍ਰੋਗਰਾਮ ਵਿਚ ਦੇਸ਼ ਦੀ ਕਥਿਤ ਮੌਜੂਦਾ ਸਥਿਤੀ ਬਾਰੇ ਬੋਲਣ 'ਤੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਅੱਜ ਭਾਜਪਾ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਸਈਦ ਸ਼ਾਹਨਵਾਜ਼ ਹੁਸੈਨ ਨੇ ਕਿਹਾ, ''ਦੇਸ਼ ਦੇ ਮੁਸਲਮਾਨਾਂ ਲਈ ਭਾਰਤ ਨਾਲੋਂ ਬਿਹਤਰ ਕੋਈ ਦੇਸ਼ ਨਹੀਂ ਹੋ ਸਕਦਾ, ਨਰਿੰਦਰ ਮੋਦੀ ਨਾਲੋਂ ਵਧੀਆ ਕੋਈ ਆਗੂ ਨਹੀਂ ਹੋ ਸਕਦਾ ਅਤੇ ਹਿੰਦੂਆਂ ਨਾਲੋਂ ਵਧੀਆ ਕੋਈ ਦੋਸਤ ਨਹੀਂ ਹੋ ਸਕਦਾ।'' ਬਿਹਾਰ ਦੇ ਮੰਤਰੀ ਸ੍ਰੀ ਹੁਸੈਨ ਦਾ ਕਹਿਣਾ ਹੈ ਕਿ ਸ੍ਰੀ ਅੰਸਾਰੀ ਨੂੰ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਵੱਲੋਂ ਕਰਵਾਏ ਗਏ ਇਸ ਆਨਲਾਈਨ ਪ੍ਰੋਗਰਾਮ 'ਚ ਹਿੱਸਾ ਨਹੀਂ ਸੀ ਲੈਣਾ ਚਾਹੀਦਾ ਸੀ। -ਪੀਟੀਆਈ



Most Read

2024-09-21 17:44:18