Breaking News >> News >> The Tribune


ਟਵਿੱਟਰ ਨੇ ਰਾਹੁਲ ਦੇ ਰੁਖ਼ ਦੀ ਪੁਸ਼ਟੀ ਕੀਤੀ: ਕਾਂਗਰਸ


Link [2022-01-28 10:16:54]



ਨਵੀਂ ਦਿੱਲੀ, 27 ਜਨਵਰੀ

ਮੁੱਖ ਅੰਸ਼

ਆਜ਼ਾਦ ਤੇ ਨਿਰਪੱਖ ਵਿਚਾਰਾਂ ਦੇ ਪ੍ਰਗਟਾਵੇ ਦਾ ਮੁੱਦਾ ਉਠਾਉਂਦਿਆਂ ਰਾਹੁਲ ਨੇ ਆਪਣੇ ਫਾਲੋਅਰਜ਼ ਘਟਾਉਣ ਦਾ ਦੋਸ਼ ਲਾਇਆ

ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਆਗੂ ਰਾਹੁਲ ਗਾਂਧੀ ਦੇ ਉਸ ਰੁਖ਼ ਦੀ ਟਵਿੱਟਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਸੱਤਾਧਾਰੀ ਧਿਰ ਲੋਕਤੰਤਰ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਦਬਾ ਨਹੀਂ ਸਕਦੀ ਤੇ ਨਾ ਹੀ ਇਹ ਕਿਸੇ ਦੇ ਅਧੀਨ ਹੋ ਸਕਦੇ ਹਨ, ਇਨ੍ਹਾਂ ਨੂੰ ਮਹਿਜ਼ ਗਾਲਾਂ ਕੱਢਣ ਅਤੇ ਮਜ਼ਾਕ ਉਡਾਉਣ ਦੀ ਥਾਂ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਪਾਰਟੀ ਨੇ ਇਹ ਪ੍ਰਤੀਕਿਰਿਆ ਟਵਿੱਟਰ ਵੱਲੋਂ ਇਹ ਕਹਿਣ ਉਤੇ ਦਿੱਤੀ ਹੈ ਕਿ ਇਹ ਭਾਰਤ ਪ੍ਰਤੀ ਵਚਨਬੱਧ ਹੈ ਅਤੇ ਆਪਣੇ ਪਲੈਟਫਾਰਮ ਉਤੇ ਸਿਹਤਮੰਦ ਚਰਚਾ ਦਾ ਹਾਮੀ ਹੈ। ਜ਼ਿਕਰਯੋਗ ਹੈ ਕਿ ਗਾਂਧੀ ਨੇ ਟਵਿੱਟਰ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਪਲੈਟਫਾਰਮ ਭਾਰਤ ਵਿਚ ਆਜ਼ਾਦ ਦੇ ਨਿਰਪੱਖ ਵਿਚਾਰਾਂ ਦੇ ਪ੍ਰਗਟਾਵੇ ਪ੍ਰਤੀ ਗੰਭੀਰ ਨਹੀਂ ਹੈ ਤੇ ਦੁਰਵਰਤੋਂ ਤੋਂ ਅਣਜਾਣ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਆਗੂ ਦਾ ਰੁਖ਼ ਸਹੀ ਸਾਬਿਤ ਹੋਇਆ ਹੈ ਤੇ ਟਵਿੱਟਰ ਜਿਹੇ ਪਲੈਟਫਾਰਮਾਂ ਉਤੇ ਸਿਹਤਮੰਦ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ। ਸੁਰਜੇਵਾਲਾ ਨੇ ਕਿਹਾ ਕਿ ਟਵਿੱਟਰ ਉਤੇ ਖੁੱਲ੍ਹੀ ਚਰਚਾ, ਬਹੁ-ਸੱਭਿਆਚਾਰਵਾਦ, ਸਰਕਾਰੀ ਸਕੀਮਾਂ ਤੇ ਨੀਤੀਆਂ ਦੀ ਆਲੋਚਨਾ ਆਦਿ ਹੋਣਾ ਚਾਹੀਦਾ ਹੈ। ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਲਿਖੇ ਪੱਤਰ ਵਿਚ ਗਾਂਧੀ ਨੇ ਕਿਹਾ ਸੀ, 'ਮੈਂ ਤੁਹਾਨੂੰ ਅਰਬ ਤੋਂ ਵੱਧ ਭਾਰਤੀਆਂ ਵੱਲੋਂ ਇਹ ਲਿਖ ਰਿਹਾ ਹਾਂ ਤੇ ਭਾਰਤ ਦੇਸ਼ ਦੇ ਖਿਆਲ ਨੂੰ ਤਬਾਹ ਕਰਨ ਵਿਚ ਟਵਿੱਟਰ ਮੋਹਰਾ ਨਾ ਬਣੇ। ਰਾਹੁਲ ਨੇ ਕਿਹਾ ਸੀ ਕਿ ਆਜ਼ਾਦ ਲੋਕਤੰਤਰ ਤੇ ਤਾਨਾਸ਼ਾਹੀ ਵਿਚਾਲੇ ਵਿਚਾਰਧਾਰਾਵਾਂ ਦੀ ਜੰਗ ਨੂੰ ਪੂਰੇ ਸੰਸਾਰ ਵਿਚ ਸੋਸ਼ਲ ਮੀਡੀਆ ਉਤੇ ਆਕਾਰ ਦਿੱਤਾ ਜਾ ਰਿਹਾ ਹੈ। ਇਸ ਨਾਲ ਟਵਿੱਟਰ ਜਿਹੀਆਂ ਕੰਪਨੀਆਂ ਵਿਚ ਉੱਚੇ ਅਹੁਦਿਆਂ ਉਤੇ ਬੈਠੇ ਲੋਕਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਰਾਹੁਲ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਆਗੂ ਵਜੋਂ ਇਹ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਲੋਕਾਂ ਨਾਲ ਹੁੰਦੇ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਣ। ਕਾਂਗਰਸ ਆਗੂ ਨੇ ਦੋਸ਼ ਲਾਇਆ ਸੀ ਕਿ ਭਾਰਤ ਦੇ ਸੰਸਥਾਗਤ ਢਾਂਚੇ ਉਤੇ ਲਗਾਤਾਰ ਹੱਲਾ ਬੋਲਿਆ ਜਾ ਰਿਹਾ ਹੈ, ਰਵਾਇਤੀ ਮੁੱਖ ਧਾਰਾ ਦੇ ਮੀਡੀਆ ਨੂੰ ਕਾਬੂ ਕਰ ਲਿਆ ਗਿਆ ਹੈ। -ਪੀਟੀਆਈ

ਰਾਹੁਲ ਦੇ ਫਾਲੋਅਰਜ਼ 'ਸਹੀ ਤੇ ਅਰਥਪੂਰਣ', ਪਲੈਟਫਾਰਮ ਹਰ ਆਵਾਜ਼ ਨੂੰ ਮੌਕਾ ਦੇਣ ਪ੍ਰਤੀ ਵਚਨਬੱਧ: ਟਵਿੱਟਰ

ਰਾਹੁਲ ਗਾਂਧੀ ਵੱਲੋਂ 27 ਦਸੰਬਰ ਨੂੰ ਲਿਖੇ ਗਏ ਪੱਤਰ ਦਾ ਜਵਾਬ ਟਵਿੱਟਰ ਦੇ ਆਲਮੀ ਉਪ ਪ੍ਰਧਾਨ ਸਾਇਨੀਡ ਮੈਕਸਵੀਨੀ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਲੈਟਫਾਰਮ ਇਹ ਯਕੀਨੀ ਬਣਾਏਗਾ ਕਿ ਲੋਕ ਬਹਿਸ ਚੰਗੀ ਹੋਵੇ ਜਿਸ ਵਿਚ ਵੱਖ-ਵੱਖ ਆਵਾਜ਼ਾਂ, ਵਿਚਾਰਧਾਰਾਵਾਂ ਨੂੰ ਗੱਲ ਕਹਿਣ ਦਾ ਮੌਕਾ ਮਿਲੇ। ਲੋਕਾਂ ਨੂੰ ਅਗਾਊਂ ਜਾਗਰੂਕ ਕਰਨ ਤੇ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੀ ਕਦਮ ਚੁੱਕੇ ਜਾਣਗੇ। ਟਵਿੱਟਰ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਸਿਆਸੀ ਕੰਟੈਂਟ ਪ੍ਰਤੀ ਪੱਖਪਾਤੀ ਰਵੱਈਆ ਨਹੀਂ ਰੱਖਦੇ। ਇਸ ਤੋਂ ਇਲਾਵਾ ਰਾਹੁਲ ਨੇ ਟਵਿੱਟਰ ਉਤੇ ਉਨ੍ਹਾਂ ਦੇ ਫਾਲੋਅਰਜ਼ ਨੂੰ 'ਘਟਾਉਣ' ਦਾ ਦੋਸ਼ ਵੀ ਲਾਇਆ ਸੀ। ਟਵਿੱਟਰ ਨੇ ਹਾਲਾਂਕਿ ਕਿਹਾ ਕਿ ਅਕਾਊਂਟ ਦੇ ਫਾਲੋਅਰਜ਼ 'ਸਹੀ ਤੇ ਅਰਥਪੂਰਨ ਹਨ।' ਉਨ੍ਹਾਂ ਕਿਹਾ ਸੀ ਕਿ ਸਿਆਸੀ ਵਿਚਾਰ-ਚਰਚਾ ਨੂੰ ਥਾਂ ਦੇਣਾ ਅਤੇ ਖੁੱਲ੍ਹੀ ਸਹਿਮਤੀ ਜਾਂ ਅਸਹਿਮਤੀ ਪ੍ਰਗਟ ਕਰਨ ਦਾ ਮੌਕਾ ਮੁਹੱਈਆ ਕਰਾਉਣ ਪਲੈਟਫਾਰਮ ਦੀਆਂ ਮੁੱਢਲੀਆਂ ਕਦਰਾਂ ਕੀਮਤਾਂ ਵਿਚ ਸ਼ਾਮਲ ਹੈ। ਟਵਿੱਟਰ ਨੇ ਪਾਰਦਰਸ਼ਤਾ, ਲੋਕਾਂ ਦਾ ਭਰੋਸਾ ਜਿੱਤਣ ਦੀ ਗੱਲ ਵੀ ਕੀਤੀ ਹੈ।



Most Read

2024-09-23 14:30:42