Breaking News >> News >> The Tribune


ਏਅਰ ਇੰਡੀਆ ਮੁੜ ਟਾਟਾ ਗਰੁੱਪ ਦਾ ਹੋਇਆ


Link [2022-01-28 10:16:54]



ਨਵੀਂ ਦਿੱਲੀ, 27 ਜਨਵਰੀ

ਮੁੱਖ ਅੰਸ਼

ਗਰੁੱਪ ਸਰਕਾਰ ਨੂੰ 2700 ਕਰੋੜ ਰੁਪਏ ਨਗ਼ਦ ਦੇਣ ਤੋਂ ਇਲਾਵਾ ਏਅਰਲਾਈਨ ਸਿਰ ਚੜ੍ਹੇ 15300 ਕਰੋੜ ਰੁਪਏ ਦੀ ਵੀ ਕਰੇਗਾ ਅਦਾਇਗੀ

ਸਰਕਾਰ ਨੇ ਅੱਜ ਟਾਟਾ ਗਰੁੱਪ ਨੂੰ ਦੇਸ਼ ਦੀ ਕੌਮੀ ਏਅਰਲਾਈਨ ਏਅਰ ਇੰਡੀਆ ਦੀ ਅਧਿਕਾਰਤ ਤੌਰ 'ਤੇ ਕਮਾਨ ਸੌਂਪ ਦਿੱਤੀ ਹੈ। ਏਅਰ ਇੰਡੀਆ 67 ਸਾਲਾਂ ਬਾਅਦ ਮੁੜ ਟਾਟਾ ਗਰੁੱਪ ਦੀ ਝੋਲੀ ਪਈ ਹੈ। ਗਰੁੱਪ ਨੇ ਅਕਤੂਬਰ 1932 ਵਿੱਚ ਏਅਰ ਇੰਡੀਆ ਦੀ ਟਾਟਾ ਏਅਰਲਾਈਨਜ਼ ਵਜੋਂ ਸ਼ੁਰੂਆਤ ਕੀਤੀ ਸੀ। ਸਾਲ 1953 ਵਿੱਚ ਸਰਕਾਰ ਨੇ ਏਅਰਲਾਈਨ ਦਾ ਕੌਮੀਕਰਨ ਕਰ ਦਿੱਤਾ ਸੀ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ.ਚੰਦਰਸ਼ੇਖਰਨ ਨੇ ਕਿਹਾ ਕਿ ਏਅਰ ਇੰਡੀਆ ਮੁੜ ਉਨ੍ਹਾਂ ਦੀ ਝੋਲੀ ਪੈਣ ਨਾਲ ਗਰੁੱਪ ਬਹੁਤ ਖ਼ੁਸ਼ ਹੈ। ਨਿਵੇਸ਼ ਤੇ ਸਰਕਾਰੀ ਅਸਾਸੇ ਪ੍ਰਬੰਧਨ ਵਿਭਾਗ ਦੇ ਸਕੱਤਰ ਤੂਹਿਨ ਕਾਂਤਾ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਅਰ ਇੰਡੀਆ ਦੀ ਕਮਾਨ ਟੈਲੇਸ ਪ੍ਰਾਈਵੇਟ ਲਿਮਿਟਡ (ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ 'ਚ ਸਬਸਿਡਰੀ) ਨੂੰ ਸੌਂਪ ਦਿੱਤੀ ਹੈ। ਪਾਂਡੇ ਨੇ ਕਿਹਾ ਕਿ ਏਅਰਲਾਈਨ ਦੇ ਨਵੇਂ ਮਾਲਕ ਟੈਲੇਸ ਹਨ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ 8 ਅਕਤੂਬਰ ਨੂੰ ਨਿਲਾਮੀ ਦੇ ਫਸਵੇਂ ਮੁਕਾਬਲੇ ਵਿੱਚ ਏਅਰ ਇੰਡੀਆ 18000 ਕਰੋੜ ਰੁਪਏ ਵਿੱਚ ਟੈਲੇਸ ਪ੍ਰਾਈਵੇਟ ਲਿਮਿਟਡ ਨੂੰ ਵੇਚ ਦਿੱਤੀ ਸੀ। ਇਸ ਦੌਰਾਨ ਸਰਕਾਰ ਨੇ ਕੌਮੀ ਏਅਰਲਾਈਨ ਏਅਰ ਇੰਡੀਆ ਅਧਿਕਾਰਤ ਰੂਪ ਵਿੱਚ ਟਾਟਾ ਗਰੁੱਪ ਨੂੰ ਸੌਂਪਣ ਤੋਂ ਪਹਿਲਾਂ ਅੱਜ ਏਅਰ ਇੰਡੀਆ ਤੇ ਵਿਸ਼ੇਸ਼ ਪਰਪਜ਼ ਵਹੀਕਲ ਏਆਈਏਐੱਚਐੱਲ ਦਰਮਿਆਨ ਨਾਨ-ਕੋਰ ਅਸਾਸਿਆਂ ਦੇ ਤਬਾਦਲੇ ਨੂੰ ਲੈ ਕੇ ਹੋਏ ਕਰਾਰ ਨੂੰ ਨੋਟੀਫਾਈ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਕੌਮੀ ਏਅਰਲਾਈਨ ਏਅਰ ਇੰਡੀਆ 18,000 ਕਰੋੜ ਵਿੱਚ ਟਾਟਾ ਗਰੁੱਪ ਨੂੰ ਵੇਚਣ ਨਾਲ ਸਬੰਧਤ ਖਰੀਦ ਕਰਾਰ ਸਹੀਬੰਦ ਕੀਤਾ ਸੀ। ਟਾਟਾ ਗਰੁੱਪ ਨੂੰ ਏਅਰਲਾਈਨ ਦਾ ਮੁਕੰਮਲ ਕਬਜ਼ਾ ਦੇਣ ਮਗਰੋਂ ਕਰਾਰ ਤਹਿਤ ਨਗਦੀ ਦੇ ਲੈਣ ਦੇਣ ਦਾ ਅਮਲ ਸ਼ੁਰੂ ਹੋਵੇਗਾ। ਦੋਵਾਂ ਧਿਰਾਂ ਵਿੱਚ ਹੋਏ ਕਰਾਰ ਮੁਤਾਬਕ ਟਾਟਾ ਗਰੁੱਪ ਸਰਕਾਰ ਨੂੰ 2700 ਕਰੋੜ ਰੁਪਏ ਨਗ਼ਦ ਅਦਾ ਕਰਨ ਤੋਂ ਇਲਾਵਾ ਏਅਰਲਾਈਨ ਸਿਰੇ ਚੜ੍ਹੇ 15,300 ਕਰੋੜ ਰੁਪਏ ਦੀ ਅਦਾਇਗੀ ਵੀ ਕਰੇਗਾ। ਕਰਾਰ ਵਿੱਚ ਏਅਰ ਇੰਡੀਆ ਐਕਸਪ੍ਰੈੱਸ ਤੇ ਗਰਾਊਂਡ ਹੈਂਡਲਿੰਗ ਆਰਮ ਏਆਈਐੱਸਏਟੀਐੱਸ ਦੀ ਵਿਕਰੀ ਵੀ ਸ਼ਾਮਲ ਹੈ। ਚੇਤੇ ਰਹੇ ਕਿ ਕਰਾਰ ਤਹਿਤ ਲੈਣ-ਦੇਣ ਦਸੰਬਰ 2021 ਤੱਕ ਪੂਰਾ ਕੀਤਾ ਜਾਣਾ ਸੀ, ਪਰ ਮਗਰੋਂ ਆਖਰੀ ਤਰੀਕ ਜਨਵਰੀ 2022 ਤੱਕ ਵਧਾ ਦਿੱਤੀ ਗਈ ਸੀ। -ਪੀਟੀਆਈ

ਏਅਰ ਇੰਡੀਆ ਦਾ ਸੁਨਹਿਰੀ ਸਮਾਂ ਨੇੜੇ: ਚੰਦਰਸ਼ੇਖਰਨ

ਟਾਟਾ ਗਰੁੱਪ ਦੇ ਚੇਅਰਮੈਨ ਐੱਨ.ਚੰਦਰਸ਼ੇਖਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਹੋਏ।

ਟਾਟਾ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਸ਼ੇਖਰਨ ਨੇ ਅੱਜ ਕਿਹਾ ਕਿ ਪੂਰੇ ਮੁਲਕ ਦੀਆਂ ਅੱਖਾਂ ਹੁਣ ਟਾਟਾ ਗਰੁੱਪ ਤੇ ਏਅਰ ਇੰਡੀਆ ਉਤੇ ਲੱਗੀਆਂ ਹੋਈਆਂ ਹਨ। ਲੋਕ ਦੇਖਣਾ ਚਾਹੁੰਦੇ ਹਨ ਕਿ ਇਹ ਦੋਵੇਂ ਮਿਲ ਕੇ ਕਿਹੜੀਆਂ ਪ੍ਰਾਪਤੀਆਂ ਕਰਦੇ ਹਨ। ਏਅਰਲਾਈਨ ਨੂੰ ਟਾਟਾ ਗਰੁੱਪ ਅਧੀਨ ਲਿਆਉਣ ਤੋਂ ਬਾਅਦ ਚੰਦਰਸ਼ੇਖਰਨ ਅੱਜ ਪਹਿਲੀ ਵਾਰ ਮੁਲਾਜ਼ਮਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਭਰੋਸਾ ਜਤਾਇਆ ਕਿ ਏਅਰਲਾਈਨ ਦਾ ਸੁਨਹਿਰੀ ਸਮਾਂ ਆਉਣ ਵਾਲਾ ਹੈ। ਚੇਅਰਮੈਨ ਨੇ ਕਰਮਚਾਰੀਆਂ ਨੂੰ ਕਿਹਾ ਕਿ ਦੇਸ਼ ਨੂੰ ਜਿਸ ਏਅਰਲਾਈਨ ਦੀ ਲੋੜ ਹੈ, ਅਸੀਂ ਉਸ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਅਧਿਕਾਰਤ ਰੂਪ ਵਿੱਚ ਟਾਟਾ ਗਰੁੱਪ ਨੂੰ ਸੌਂਪੇ ਜਾਣ ਤੋਂ ਪਹਿਲਾਂ ਅੱਜ ਟਾਟਾ ਸੰਨਜ਼ ਦੇ ਚੇਅਰਮੈਨ ਐੱਨ.ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਚੰਦਰਸ਼ੇਖਰਨ ਮਗਰੋਂ ਏਅਰ ਇੰਡੀਆ ਦੇ ਹੈੱਡਕੁਆਰਟਰ ਵੀ ਗਏ। ਪ੍ਰਧਾਨ ਮੰਤਰੀ ਦਫ਼ਤਰ ਨੇ ਮਗਰੋਂ ਟਵੀਟ ਕਰਕੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। -ਪੀਟੀਆਈ



Most Read

2024-09-23 14:28:32