Breaking News >> News >> The Tribune


ਜਿਨਸੀ ਛੇੜਛਾੜ ਦੀਆਂ ਝੂਠੀਆਂ ਸ਼ਿਕਾਇਤਾਂ ਤੋਂ ਹਾਈ ਕੋਰਟ ਚਿੰਤਤ


Link [2022-01-28 10:16:54]



ਨਵੀਂ ਦਿੱਲੀ, 27 ਜਨਵਰੀ

ਦਿੱਲੀ ਹਾਈ ਕੋਰਟ ਨੇ ਅੱਜ ਜਿਨਸੀ ਛੇੜਛਾੜ ਦੀਆਂ ਝੂਠੀਆਂ ਸ਼ਿਕਾਇਤਾਂ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਬਹੁਤ ਵਧ ਰਹੀਆਂ ਹਨ ਤੇ ਅਜਿਹੇ ਮਾਮਲੇ ਅਪਰਾਧ ਨੂੰ ਅੱਖੋਂ ਓਹਲੇ ਕਰ ਦਿੰਦੇ ਹਨ ਤੇ ਮਹਿਲਾਵਾਂ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਵਿਚ ਵੀ ਅੜਿੱਕਾ ਪੈਂਦਾ ਹੈ।

ਜਸਟਿਸ ਸੁਬਰਾਮਣੀਅਮ ਪ੍ਰਸਾਦ ਨੇ ਪਟੀਸ਼ਨਕਰਤਾ ਖ਼ਿਲਾਫ਼ ਦਰਜ ਇਕ ਐਫਆਈਆਰ ਖਾਰਜ ਕਰਦਿਆਂ ਕਿਹਾ ਕਿ ਝੂਠੇ ਦੋਸ਼ ਅਸਲ ਸ਼ਿਕਾਇਤਾਂ ਉਤੇ ਵੀ ਪਰਦਾ ਪਾ ਦਿੰਦੇ ਹਨ। ਇਸ ਨਾਲ ਅਸਲ ਵਿਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਵੀ ਨਿਆਂ ਤੋਂ ਦੂਰ ਹੋ ਜਾਂਦੇ ਹਨ। ਅਦਾਲਤ ਦਿੱਲੀ ਯੂਨੀਵਰਸਿਟੀ ਦੇ ਇਕ ਸਹਾਇਕ ਪ੍ਰੋਫੈਸਰ ਖ਼ਿਲਾਫ਼ ਦਰਜ ਐਫਆਈਆਰ 'ਤੇ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਇਸ ਗੱਲ ਉਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਕਿਵੇਂ ਆਈਪੀਸੀ ਦੀਆਂ ਧਾਰਾਵਾਂ 354ਏ/506 ਬਸ ਐਵੇਂ ਹੀ ਮੜ੍ਹੀਆਂ ਜਾ ਰਹੀਆਂ ਹਨ। ਇਕ ਵਿਅਕਤੀ ਦੂਜੇ ਤੋਂ ਖ਼ੁਸ਼ ਨਾ ਹੋਣ 'ਤੇ ਅਜਿਹੇ ਕੇਸ ਦਰਜ ਕਰਵਾ ਰਿਹਾ ਹੈ। ਪਟੀਸ਼ਨਕਰਤਾ ਵਿਰੁੱਧ ਇਹ ਐਫਆਈਆਰ ਉਸ ਦੇ ਗੁਆਂਢੀ ਨੇ ਦਰਜ ਕਰਵਾਈ ਸੀ। ਉਨ੍ਹਾਂ ਦਾ ਕਥਿਤ ਤੌਰ 'ਤੇ ਕਿਸੇ ਗੈਰਕਾਨੂੰਨੀ ਉਸਾਰੀ ਬਾਰੇ ਝਗੜਾ ਸੀ। ਅਦਾਲਤ ਨੇ ਕਿਹਾ ਕਿ ਪੇਸ਼ ਕੀਤੇ ਗਏ ਤੱਥਾਂ ਅਤੇ ਦਸਤਾਵੇਜ਼ਾਂ ਨੂੰ ਦੇਖ ਕੇ ਪਤਾ ਲੱਗਾ ਹੈ ਕਿ ਐਫਆਈਆਰ 'ਘੜੀ' ਗਈ ਸੀ ਤੇ ਅਪਰਾਧ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੇਸ਼ ਨਹੀਂ ਕੀਤੀ ਗਈ। -ਪੀਟੀਆਈ



Most Read

2024-09-23 14:22:51