Breaking News >> News >> The Tribune


ਪੀਐੱਲਏ ਨੇ ਲਾਪਤਾ ਲੜਕਾ ਭਾਰਤੀ ਫ਼ੌਜ ਹਵਾਲੇ ਕੀਤਾ


Link [2022-01-28 10:16:54]



ਨਵੀਂ ਦਿੱਲੀ: ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਲੜਕਾ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਹੈ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਦੱਸਿਆ ਕਿ ਲੜਕੇ ਨੂੰ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਵਾਛਾ-ਦਮਈ ਪੁਆਇੰਟ 'ਤੇ ਭਾਰਤੀ ਫ਼ੌਜ ਦੇ ਹਵਾਲੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਆਂਗ ਜ਼ਿਲ੍ਹੇ ਦੇ ਪਿੰਡ ਜਿਦੋ ਦਾ ਰਹਿਣ ਵਾਲਾ ਮਿਰਾਮ ਤਾਰੋਨ 18 ਜਨਵਰੀ ਨੂੰ ਲਾਪਤਾ ਹੋ ਗਿਆ ਸੀ ਜਦਕਿ ਕੁਝ ਲੋਕਾਂ ਦਾ ਕਹਿਣਾ ਸੀ ਕਿ ਚੀਨ ਦੀ ਪੀਐੱਲਏ ਵੱਲੋਂ ਉਸ ਨੂੰ ਆਪਣੀ ਹਿਰਾਸਤ ਵਿੱਚ ਲਿਆ ਗਿਆ ਹੈ। ਮੰਤਰੀ ਨੇ ਟਵੀਟ ਕਰਕੇ ਦੱਸਿਆ ਕਿ ਫੌਜ ਵੱਲੋਂ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ, ਜਿਸ ਵਿੱਚ ਲੜਕੇ ਦੀ ਮੈਡੀਕਲ ਜਾਂਚ ਵੀ ਸ਼ਾਮਲ ਹੈ। ਉਨ੍ਹਾਂ ਲਿਖਿਆ, ''ਚੀਨ ਦੀ ਪੀਐੱਲਏ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਲੜਕੇ ਮਿਰਾਮ ਤਾਰੋਨ ਨੂੰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ। ਲੜਕੇ ਦੀ ਮੈਡੀਕਲ ਜਾਂਚ ਸਣੇ ਹੋਰ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ।'' ਬਾਅਦ 'ਚ ਇੱਕ ਹੋਰ ਟਵੀਟ ਰਾਹੀਂ ਸ੍ਰੀ ਰਿਜਿਜੂ ਨੇ ਇਹ ਕੇਸ ਪੀਐੱਲਏ ਕੋਲ ਗੰਭੀਰਤਾ ਨਾਲ ਚੁੱਕੇ ਜਾਣ ਅਤੇ ਲੜਕੇ ਦੀ ਸੁਰੱਖਿਅਤ ਵਾਪਸੀ ਲਈ ਭਾਰਤੀ ਫੌਜ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਫੌਜ ਦੇ ਜਵਾਨਾਂ ਅਤੇ ਕਰੋਨਾ ਲਾਗ ਬਚਾਅ ਲਈ ਪੀਪੀਈ ਕਿੱਟ ਪਹਿਨੀ ਲੜਕੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਤਾਰੋਨ ਦੇ ਅਗਵਾ ਹੋਣ ਦਾ ਮਾਮਲਾ 19 ਜਨਵਰੀ ਨੂੰ ਅਰੁਣਾਚਲ ਤੋਂ ਭਾਜਪਾ ਸੰਸਦ ਮੈਂਬਰ ਤਾਪਿਰ ਗਾਓ ਨੇ ਸਾਹਮਣੇ ਲਿਆਂਦਾ ਸੀ। -ਪੀਟੀਆਈ



Most Read

2024-09-23 16:26:23