Breaking News >> News >> The Tribune


ਡਾ. ਅੱਤਰੇ, ਕਲਿਆਣ ਸਿੰਘ, ਖੇਮਕਾ ਤੇ ਬਿਪਿਨ ਰਾਵਤ ਨੂੰ ਪਦਮ ਵਿਭੂਸ਼ਣ ਐਵਾਰਡ


Link [2022-01-26 05:16:15]



ਨਵੀਂ ਦਿੱਲੀ, 25 ਜਨਵਰੀ

ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਮੁਲਕ ਦੇ ਚਾਰ ਸਭ ਤੋਂ ਵੱਡੇ ਨਾਗਰਿਕ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਵੱਲੋਂ ਮਨਜ਼ੂਰਸ਼ੁਦਾ ਸੂਚੀ ਮੁਤਾਬਕ 128 ਜਣਿਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਿਰਾਨਾ ਘਰਾਣੇ ਦੀ ਮਸ਼ਹੂਰ ਕਲਾਸੀਕਲ ਗਾਇਕਾ ਡਾ. ਪ੍ਰਭਾ ਅੱਤਰੇ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਗੀਤਾਪ੍ਰੈੱਸ ਗੋਰਖਪੁਰ ਦੇ ਮੁਖੀ ਰਹੇ ਰਾਧੇਸ਼ਿਆਮ ਖੇਮਕਾ ਅਤੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਸਦਾਬਹਾਰ ਅਦਾਕਾਰ ਵਿਕਟਰ ਬੈਨਰਜੀ, ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ, ਮਾਈਕਰੋਸਾਫਟ ਦੇ ਸੀਈਓ ਸੱਤਿਆ ਨਾਡੇਲਾ ਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸਾਇਰਸ ਪੂਨਾਵਾਲਾ, ਭਾਰਤ ਬਾਇਓਟੈੱਕ ਦੇ ਕ੍ਰਿਸ਼ਨਾ ਇਲਾ ਤੇ ਸੁਚਿੱਤਰਾ ਇਲਾ ਨੂੰ ਪਦਮ ਭੂਸ਼ਣ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ।

ਕਲਿਆਣ ਿਸੰਘ

ਭਾਰਤੀ ਕਲਾ ਦੇ ਖੇਤਰ ਵਿੱਚੋਂ ਜਿਨ੍ਹਾਂ ਕਲਾਕਾਰਾਂ ਦੀ ਚੋਣ ਪਦਮ ਭੂਸ਼ਣ ਐਵਾਰਡ ਲਈ ਕੀਤੀ ਗਈ ਹੈ, ਉਨ੍ਹਾਂ ਵਿੱਚ ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ (ਮਰਨ ਉਪਰੰਤ) ਤੇ ਕਲਾਸੀਕਲ ਸੰਗੀਤਕਾਰ ਰਾਸ਼ਿਦ ਖਾਨ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਓਲੰਪਿਕ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ, ਓਲੰਪਿਕ ਤਗ਼ਮਾ ਜੇਤੂ ਸੁਮਿਤ ਆਂਤਿਲ, ਹਾਕੀ ਖਿਡਾਰੀ ਵੰਦਨਾ ਕਟਾਰੀਆ, ਪੈਰਾਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਅਵਨੀ ਲੇਖਾਰਾ, ਪਲੇਅਬੈਕ ਗਾਇਕ ਸੋਨੂ ਨਿਗਮ, ਲੱਦਾਖ ਦੇ ਸੰਸਦ ਮੈਂਬਰ ਜੇ. ਸ਼ੇਰਿੰਗ ਨਾਂਗਿਆਲ, ਨਿਰਦੇਸ਼ਕ ਚੰਦਰਪ੍ਰਕਾਸ਼ ਦਿਵੇਦੀ ਤੇ ਅਦਾਕਾਰ ਸੋਵਕਰ ਜਾਨਕੀ ਨੂੰ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਦਮਸ੍ਰੀ ਐਵਾਰਡ ਲਈ ਨਲਿਨੀ ਤੇ ਕਾਮਲਿਨੀ ਅਸਥਾਨਾ, ਮਾਧੁਰੀ ਬਰਥਵਾਲ, ਐੱਸ ਬੱਲੇਸ਼ ਭਜੰਤਰੀ, ਖਾਂਡੂ ਵਾਂਗਚੁੱਕ ਭੂਟੀਆ, ਸੁਲੋਚਨਾ ਚਵਾਨ, ਲੌਰਮਬੈਮ ਬਿਨੋ ਦੇਵੀ, ਸ਼ਿਆਮਾਮਨੀ ਦੇਵੀ, ਅਰਜੁਨ ਸਿੰਘ ਧੁਰਵੇ, ਗੋਸਾਵੀੜੂ ਸ਼ਾਇਕ, ਸਾਬਕਾ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮੇਹਰਿਸ਼ੀ, ਹਸਨ (ਮਰਨ ਉਪਰੰਤ) ਤੇ ਸ਼ਿਵਨਾਥ ਮਿਸ਼ਰਾ ਦੇ ਨਾਂ ਵੀ ਐਲਾਨੇ ਗਏ ਹਨ। ਗ੍ਰਹਿ ਮੰਤਰਾਲੇ ਮੁਤਾਬਕ ਰਾਸ਼ਟਰਪਤੀ ਨੇ 128 ਪਦਮ ਐਵਾਰਡਾਂ ਲਈ ਮਨਜ਼ੂਰੀ ਦਿੱਤੀ ਹੈ। ਸੂਚੀ ਵਿੱਚ 4 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਤੇ 107 ਪਦਮਸ੍ਰੀ ਐਵਾਰਡ ਸ਼ਾਮਲ ਹਨ। ਇਨ੍ਹਾਂ 'ਚੋਂ 34 ਐਵਾਰਡੀ ਮਹਿਲਾਵਾਂ ਹਨ ਤੇ ਸੂਚੀ ਵਿੱਚ ਵਿਦੇਸ਼ੀਆਂ / ਐੱਨਆਰਆਈ/ ਪੀਆਈਓ/ਓਸੀਆਈ ਤੋਂ 10 ਜਣੇ ਤੇ 13 ਜਣਿਆਂ ਨੂੰ ਮਰਨ ਉਪਰੰਤ ਦਿੱਤੇ ਜਾਣ ਵਾਲੇ ਸਨਮਾਨ ਸ਼ਾਮਲ ਹਨ। -ਪੀਟੀਆਈ

ਏਡੀਜੀਪੀ ਨਰੇਸ਼ ਕੁਮਾਰ ਤੇ ਅਮਰਦੀਪ ਰਾਏ ਨੂੰ ਰਾਸ਼ਟਰਪਤੀ ਪੁਲੀਸ ਮੈਡਲ

ਚੰਡੀਗੜ੍ਹ (ਟਨਸ): ਕੇਂਦਰੀ ਗ੍ਰਹਿ ਮੰਤਰਾਲੇ ਨੇ 73ਵੇਂ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ (ਪੀਪੀਐੱਮਡੀਐੱਸ) ਅਤੇ ਬੇਮਿਸਾਲ ਸੇਵਾਵਾਂ ਲਈ ਪੁਲੀਸ ਮੈਡਲ (ਪੀਐੱਮਐੱਮਐੱਸ) ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਪੁਲੀਸ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸੂਚੀ ਐਲਾਨੀ ਹੈ| ਗ੍ਰਹਿ ਮੰਤਰਾਲੇ ਵੱਲੋਂ ਏਡੀਜੀਪੀ ਕਾਨੂੰਨ ਅਤੇ ਵਿਵਸਥਾ ਨਰੇਸ਼ ਕੁਮਾਰ ਅਤੇ ਏਡੀਜੀਪੀ ਇੰਟੈਲੀਜੈਂਸ ਅਮਰਦੀਪ ਸਿੰਘ ਰਾਏ ਸਮੇਤ ਦੋ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀਪੀ) ਰੈਂਕ ਦੇ ਅਧਿਕਾਰੀਆਂ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਲਈ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ, ਡੀਆਈਜੀ ਸਪੈਸ਼ਲ ਟਾਸਕ ਫੋਰਸ ਸੰਜੀਵ ਕੁਮਾਰ ਰਾਮਪਾਲ ਅਤੇ ਚਾਰ ਪੀਪੀਐੱਸ ਅਧਿਕਾਰੀ- ਕਮਾਂਡੈਂਟ ਪੀਆਰਟੀਸੀ ਜਹਾਨ ਖੇਲਾਂ ਹਰਪ੍ਰੀਤ ਸਿੰਘ ਮੰਡੇਰ, ਐੱਸਪੀ (ਇਨਵੈਸਟੀਗੇਸ਼ਨ) ਹੁਸ਼ਿਆਰਪੁਰ ਰਵਿੰਦਰ ਪਾਲ ਸਿੰਘ, ਏਸੀਪੀ ਹੈੱਡਕੁਆਰਟਰ ਜਲੰਧਰ ਸੁਭਾਸ਼ ਚੰਦਰ ਅਰੋੜਾ ਅਤੇ ਡਿਪਟੀ ਸੁਪਰਡੈਂਟ (ਸੁਰੱਖਿਆ) ਜ਼ਿਲ੍ਹਾ ਜੇਲ੍ਹ ਰੂਪਨਗਰ ਅਜਿਹੇ 15 ਪੁਲੀਸ ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਬੇਮਿਸਾਲ ਸੇਵਾਵਾਂ ਬਦਲੇ ਪੁਲੀਸ ਮੈਡਲ ਲਈ ਚੁਣਿਆ ਗਿਆ ਹੈ| ਬਾਕੀ ਅਧਿਕਾਰੀਆਂ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ, ਇੰਸਪੈਕਟਰ ਓਂਕਾਰ ਸਿੰਘ ਬਰਾੜ, ਇੰਸਪੈਕਟਰ ਜਗਪ੍ਰੀਤ ਸਿੰਘ, ਲੇਡੀ ਇੰਸਪੈਕਟਰ ਬਲਵਿੰਦਰ ਕੌਰ, ਐੱਸਆਈ ਅਰੁਣ ਕੁਮਾਰ, ਏਐੱਸਆਈ ਸੰਦੀਪ ਕੁਮਾਰ, ਏਐੱਸਆਈ ਗੁਰਮੁੱਖ ਸਿੰਘ ਅਤੇ ਏਐੱਸਆਈ ਅਮਰੀਕ ਚੰਦ ਸ਼ਾਮਲ ਹਨ। ਡੀਜੀਪੀ ਪੰਜਾਬ ਵੀ ਕੇ ਭਾਵਰਾ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਹੈ।

ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਨੂੰ ਮਿਲੇਗਾ ਰਾਸ਼ਟਰਪਤੀ ਪੁਲੀਸ ਮੈਡਲ

ਪਟਿਆਲਾ (ਸਰਬਜੀਤ ਸਿੰਘ ਭੰਗੂ): ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਪੁਲੀਸ ਦੀ ਨੌਕਰੀ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਭਾਰਤ ਸਰਕਾਰ ਨੇ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਾ ਪੱਧਰ 'ਤੇ ਸੀਆਈਏ ਪਟਿਆਲਾ ਦੇ ਇੰਚਾਰਜ ਵਜੋਂ ਇੰਸਪੈਕਟਰ ਸ਼ਮਿੰਦਰ ਸਿੰਘ ਨੇ ਕਈ ਅੰਨ੍ਹੇ ਕਤਲਾਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੱਲ ਕਰਨ ਸਮੇਤ ਕਈ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਡਾ. ਸੰਦੀਪ ਗਰਗ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ|

ਜ਼ੀਰਕਪੁਰ ਥਾਣਾ ਮੁਖੀ ਰਾਸ਼ਟਰਪਤੀ ਮੈਡਲ ਲਈ ਚੁਣੇ

ਜ਼ੀਰਕਪੁਰ (ਹਰਜੀਤ ਸਿੰਘ): ਜ਼ੀਰਕਪੁਰ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੂੰ ਪੁਲੀਸ ਫੋਰਸ ਵਿੱਚ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਲਈ ਚੁਣਿਆ ਗਿਆ ਹੈ। ਇਸ ਸਬੰਧੀ ਐੱਸਐੱਸਪੀ ਮੁਹਾਲੀ ਹਰਜੀਤ ਸਿੰਘ ਨੇ ਸ੍ਰੀ ਬਰਾੜ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੂੰ ਇਹ ਸਨਮਾਨ ਭਲਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮਿਲੇਗਾ। ਥਾਣਾ ਜ਼ੀਰਕਪੁਰ ਮੁਖੀ ਓਂਕਾਰ ਸਿੰਘ ਬਰਾੜ ਨੇ 2 ਜਨਵਰੀ 2020 ਨੂੰ ਬਤੌਰ ਥਾਣਾ ਮੁਖੀ ਜ਼ੀਰਕਪੁਰ ਅਹੁਦਾ ਸੰਭਾਲਿਆ ਸੀ। ਇੱਥੇ ਰਹਿੰਦਿਆਂ ਉਨ੍ਹਾਂ ਇੱਕ ਸਾਲ ਦੇ ਕਾਰਜਕਾਲ ਦੌਰਾਨ ਰਿਕਾਰਡ 639 ਕੇਸ ਦਰਜ ਕੀਤੇ ਅਤੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਨਾਭਾ ਜੇਲ੍ਹ ਸੁਪਰਡੈਂਟ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ

ਨਾਭਾ (ਜੈਸਮੀਨ ਭਾਰਦਵਾਜ): ਨਾਭਾ ਓਪਨ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੂੰ ਗਣਤੰਤਰ ਦਿਵਸ ਮੌਕੇ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਸੁਧਾਰਾਤਮਕ ਸੇਵਾਵਾਂ ਮੈਡਲ ਨਾਲ ਸਨਮਾਨਿਆ ਜਾਵੇਗਾ। ਦੇਸ਼ ਦੀਆਂ ਜੇਲ੍ਹਾਂ ਵਿੱਚ ਸੇਵਾਵਾਂ ਨਿਭਾ ਰਹੇ ਪੰਜ ਅਹੁਦੇਦਾਰਾਂ ਨੂੰ ਰਾਸ਼ਟਰਪਤੀ ਮੈਡਲ ਦਿੱਤਾ ਜਾਣਾ ਹੈ ਜਿਨ੍ਹਾਂ ਵਿੱਚ ਪੰਜਾਬ ਤੋਂ ਮਨਜੀਤ ਸਿੰਘ ਟਿਵਾਣਾ ਤੋਂ ਇਲਾਵਾ ਦੋ ਸੁਪਰਡੈਂਟ ਜੰਮੂ ਕਸ਼ਮੀਰ ਤੇ ਉੜੀਸਾ ਤੋਂ ਹਨ ਅਤੇ ਦੋ ਹੈੱਡ ਵਾਰਡਰ ਆਂਧਰਾ ਪ੍ਰਦੇਸ਼ ਤੇ ਦਿੱਲੀ ਦੀਆਂ ਜੇਲ੍ਹਾਂ ਤੋਂ ਹਨ। ਸ੍ਰੀ ਟਿਵਾਣਾ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਉੱਚ ਅਧਿਕਾਰੀਆਂ ਦਾ ਧੰਨਵਾਦ ਦਿੱਤਾ। ਇਸੇ ਤਰ੍ਹਾਂ ਦੇਸ਼ ਦੇ 37 ਜੇਲ੍ਹ ਮੁਲਾਜ਼ਮਾਂ ਨੂੰ ਹੋਣਹਾਰ ਸੇਵਾਵਾਂ ਲਈ ਸੁਧਾਰਾਤਮਕ ਸੇਵਾ ਮੈਡਲ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਪੰਜਾਬ 'ਚੋਂ ਇੱਕ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਅਤੇ ਹੈੱਡ ਵਾਰਡਰ ਸੁਰਜੀਤ ਸਿੰਘ ਸ਼ਾਮਲ ਹਨ।

ਗੁਰਮੀਤ ਬਾਵਾ ਨੂੰ ਪਦਮ ਭੂਸ਼ਣ ਐਵਾਰਡ

ਭਾਰਤ ਸਰਕਾਰ ਵੱਲੋਂ ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ ਨੂੰ (ਮਰਨ ਉਪਰੰਤ) ਪਦਮ ਭੂਸ਼ਣ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਹੈ। ਗੁਰਮੀਤ ਬਾਵਾ ਨੂੰ ਲੰਮੀ ਹੇਕ ਦੀ ਮਲਿਕਾ ਵਜੋਂ ਵੀ ਜਾਣਿਆ ਜਾਂਦਾ ਹੈ। ਉਹ 45 ਸੈਕਿੰਟ ਤੱਕ ਲੰਬੀ ਹੇਕ ਲਾਉਣ ਲਈ ਜਾਣੇ ਜਾਂਦੇ ਸਨ। ਪਹਿਲੀ ਮਹਿਲਾ ਗਾਇਕਾ ਸਨ ਜਿਨ੍ਹਾਂ ਨੂੰ ਦੂਰਦਰਸ਼ਨ 'ਤੇ ਗਾਉਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਦਾ ਪਿਛਲੇ ਸਾਲ 21 ਅਕਤੂਬਰ ਨੂੰ ਦੇਹਾਂਤ ਹੋ ਗਿਆ ਸੀ।



Most Read

2024-09-23 16:26:37