Breaking News >> News >> The Tribune


ਸਾਰੀਆਂ ਪਾਰਟੀਆਂ ਯੂਪੀ ਨੂੰ ‘ਜੰਗਲ ਰਾਜ’ ਬਣਾਉਣ ਦੀਆਂ ਦੋਸ਼ੀ: ਮਾਇਆਵਤੀ


Link [2022-01-26 05:16:15]



ਲਖਨਊ, 25 ਜਨਵਰੀ

ਬਸਪਾ ਪ੍ਰਧਾਨ ਮਾਇਆਵਤੀ ਨੇ ਅੱਜ ਆਪਣੇ ਵਿਰੋਧੀਆਂ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਿਆਸਤ ਦਾ ਅਪਰਾਧੀਕਰਨ, ਅਪਰਾਧ ਦਾ ਸਿਆਸੀਕਰਨ ਅਤੇ ਮਾਫ਼ੀਆ ਦੀ ਪੁਸ਼ਤਪਨਾਹੀ ਕਰ ਕੇ ਉੱਤਰ ਪ੍ਰਦੇਸ਼ ਨੂੰ 'ਜੰਗਲ ਰਾਜ' ਵੱਲ ਧੱਕ ਦਿੱਤਾ ਹੈ। ਬਸਪਾ ਸੁਪਰੀਮੋ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਹਾ ਕਿ ਬਸਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਦੀਆਂ ਦੋਸ਼ੀ ਹਨ। ਮਾਇਆਵਤੀ ਨੇ ਆਪਣੇ ਸਿਆਸੀ ਵਿਰੋਧੀਆਂ 'ਤੇ ਸੂਬੇ ਨੂੰ ਪੱਛੜਿਆ ਰੱਖਣ ਦਾ ਦੋਸ਼ ਵੀ ਲਾਇਆ, ਪਰ ਕਿਹਾ ਕਿ ਉਨ੍ਹਾਂ ਨੇ ਆਪਣੇ 'ਜੁਮਲੇ' ਲਗਾਤਾਰੀ ਜਾਰੀ ਰੱਖੇ ਹੋਏ ਹਨ। ਯੂਪੀ ਦੀ ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ, ''ਬਸਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਸਿਆਸਤ ਦਾ ਅਪਰਾਧੀਕਰਨ ਤੇ ਅਪਰਾਧ ਦਾ ਸਿਆਸੀਕਰਨ ਕਰਨ ਵਿੱਚ ਮਸ਼ਰੂਫ਼ ਹਨ। ਉਹ ਕਾਨੂੰਨ ਨਾਲ ਖਿਲਵਾੜ ਕਰ ਕੇ ਅਤੇ ਆਪਣੀ ਪਾਰਟੀ ਦੇ ਗੁੰਡਿਆਂ ਤੇ ਮਾਫ਼ੀਆ ਦੀ ਪੁਸ਼ਤਪਨਾਹੀ ਕਰ ਕੇ ਉਤਰ ਪ੍ਰਦੇਸ਼ ਨੂੰ ਜੰਗਲ ਰਾਜ ਵੱਲ ਧੱਕ ਰਹੀਆਂ ਹਨ। ਇਸ ਤਰ੍ਹਾਂ ਉਹ ਸੂਬੇ ਨੂੰ ਗ਼ਰੀਬ ਤੇ ਪੱਛੜਿਆ ਬਣਾਈ ਰੱਖ ਕੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਦੀਆਂ ਦੋਸ਼ੀ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀ ਜ਼ੁਮਲੇਬਾਜ਼ੀ ਜਾਰੀ ਹੈ।'' -ਪੀਟੀਆਈ

ਮਾਇਆਵਤੀ ਦੀ ਆਗਰਾ ਵਿੱਚ ਚੋਣ ਰੈਲੀ ਦੋ ਨੂੰ

ਲਖਨਊ: ਬਸਪਾ ਪ੍ਰਧਾਨ ਮਾਇਆਵਤੀ ਵੱਲੋਂ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰਨ ਲਈ ਆਗਰਾ ਵਿੱਚ ਦੋ ਫਰਵਰੀ ਨੂੰ ਰੈਲੀ ਕੀਤੀ ਜਾਵੇਗੀ। ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਕਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਇਸ ਰੈਲੀ ਨੂੰ ਸੰਬੋਧਨ ਕਰੇਗੀ। ਮਿਸ਼ਰਾ ਨੇ ਟਵੀਟ ਕੀਤਾ, ''ਬਸਪਾ ਦੀ ਕੌਮੀ ਪ੍ਰਧਾਨ ਅਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਭੈਣ ਮਾਇਆਵਤੀ ਕਰੋਨਾ ਪੋਟੋਕੋਲ ਦੀ ਪਾਲਣਾ ਕਰਦਿਆਂ ਦੋ ਫਰਵਰੀ ਨੂੰ ਆਗਰਾ ਵਿੱਚ ਰੈਲੀ ਨੂੰ ਸੰਬੋਧਨ ਕਰੇਗੀ। ਰੈਲੀ ਦੇ ਸਮੇਂ ਅਤੇ ਸਥਾਨ ਬਾਰੇ ਜਲਦੀ ਦੱਸਿਆ ਜਾਵੇਗਾ।'' ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਭਾਵੇਂ ਮਾਇਆਵਤੀ ਵੱਲੋਂ ਪਾਰਟੀ ਕਾਰਕੁਨਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ, ਪਰ ਜਨਤਕ ਤੌਰ 'ਤੇ ਦਿਖਾਈ ਨਾ ਦੇਣ ਕਾਰਨ ਸਿਆਸੀ ਵਿਰੋਧੀ ਉਨ੍ਹਾਂ 'ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਨੇ ਆਪਣੀ ਪਿਛਲੀ ਜਨਤਕ ਰੈਲੀ ਅਕਤੂਬਰ ਮਹੀਨੇ ਲਖਨਊ ਵਿੱਚ ਕੀਤੀ ਸੀ। -ਪੀਟੀਆਈ



Most Read

2024-09-23 16:29:00