World >> The Tribune


ਆਸਟਰੇਲੀਆ ਨੂੰ ‘ਕੋਵਿਡ ਖ਼ਤਰੇ ਵਾਲਾ ਜ਼ੋਨ’ ਐਲਾਨਿਆ


Link [2022-01-25 08:34:20]



ਹਰਜੀਤ ਲਸਾੜਾਬ੍ਰਿਸਬਨ, 24 ਜਨਵਰੀ

ਆਸਟਰੇਲੀਆ ਵਿੱਚ ਓਮੀਕਰੋਨ ਦੇ ਵਧਦੇ ਪਸਾਰ ਦੇ ਮੱਦੇਨਜ਼ਰ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਯੂਰੋਪੀਅਨ ਕੌਂਸਲ ਵੱਲੋਂ ਆਸਟਰੇਲੀਆ ਦੀ ਪਛਾਣ 'ਕੋਵਿਡ ਖ਼ਤਰੇ ਵਾਲੇ ਜ਼ੋਨ' ਵਜੋਂ ਕੀਤੀ ਗਈ ਹੈ ਤੇ ਯੂਰੋਪੀਅਨ ਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਸਟਰੇਲੀਆ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਪੂਰੀ ਤਰ੍ਹਾਂ ਰੋਕ ਦੇਣ, ਜਾਂ ਕੁਆਰੰਟੀਨ ਅਤੇ ਟੈਸਟਿੰਗ ਲੋੜਾਂ ਸਮੇਤ ਸਖ਼ਤ ਪਾਬੰਦੀਆਂ ਲਗਾਉਣ ਚਾਹੇ ਉਨ੍ਹਾਂ ਦੇ ਟੀਕਾ ਲੱਗਾ ਹੈ ਜਾਂ ਨਹੀਂ। ਇਹ ਨਿਰਦੇਸ਼ ਉਦੋਂ ਆਇਆ ਹੈ ਜਦੋਂ 'ਯੂਐੱਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ' ਨੇ ਆਸਟਰੇਲੀਆ ਨੂੰ 'ਉੱਚ ਜੋਖ਼ਮ ਵਾਲਾ ਮੁਲਕ' ਐਲਾਨਦਿਆਂ ਅਮਰੀਕੀਆਂ ਨੂੰ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਸੀ। ਫ਼ਿਲਹਾਲ ਸਾਈਪ੍ਰਸ, ਗਰੀਸ ਅਤੇ ਇਟਲੀ ਨੇ ਅਜੇ ਆਸਟਰੇਲਿਆਈ ਲੋਕਾਂ ਨੂੰ ਯਾਤਰਾ ਜਾਰੀ ਰੱਖਣ ਦੀ ਆਗਿਆ ਦਿੱਤੀ ਹੋਈ ਹੈ। ਉੱਧਰ ਫੈਡਰਲ ਸਰਕਾਰ ਦੇ ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਕੋਵਿਡ-19 ਕਰਕੇ ਹੋਰ 56 ਮੌਤਾਂ ਦਰਜ ਹੋਈਆਂ ਹਨ। ਉਨ੍ਹਾਂ ਅਨੁਸਾਰ ਸੋਮਵਾਰ ਤੋਂ ਰਿਆਇਤੀ ਕਾਰਡ ਧਾਰਕਾਂ (ਕਨਸੇਸ਼ਨ ਕਾਰਡ ਹੋਲਡਰਾਂ) ਲਈ ਮੁਫ਼ਤ ਰੈਪਿਡ ਐਂਟੀਜਨ ਟੈਸਟ ਉਪਲੱਬਧ ਹੋ ਗਏ ਹਨ। ਕਾਰਡ ਧਾਰਕ ਹੁਣ ਤੋਂ ਤਿੰਨ ਮਹੀਨਿਆਂ ਦੀ ਮਿਆਦ ਦੇ ਅੰਦਰ ਫਾਰਮੇਸੀਆਂ ਤੋਂ 10 ਮੁਫ਼ਤ ਟੈਸਟ ਕਿੱਟਾਂ ਲੈ ਸਕਣਗੇ। 6 ਮਿਲੀਅਨ ਤੋਂ ਵੱਧ ਲੋਕ, ਜਿਨ੍ਹਾਂ ਵਿੱਚ ਪੈਨਸ਼ਨਰ, ਸਾਬਕਾ ਸੈਨਿਕ ਅਤੇ ਘੱਟ ਆਮਦਨੀ ਵਾਲੇ ਲੋਕ ਇਸ ਸਹੂਲਤ ਦਾ ਫਾਇਦਾ ਲੈ ਸਕਣਗੇ। ਸਰਕਾਰ 'ਆਰ ਏ ਟੀ' ਕਿੱਟਾਂ ਦੀ ਕਮੀ ਨੂੰ ਲੈ ਕੇ ਅਜੇ ਵੀ ਸਵਾਲਾਂ ਦੇ ਘੇਰੇ 'ਚ ਹੈ। ਸਿਹਤ ਮੰਤਰੀ ਨੇ ਕਿਹਾ ਕਿ ਹੁਣ ਤੋਂ ਜੁਲਾਈ ਦੇ ਅੰਤ ਤੱਕ 16 ਮਿਲੀਅਨ ਰੈਪਿਡ ਐਂਟੀਜਨ ਟੈਸਟ ਕਿੱਟਾਂ ਦੇ ਆਉਣ ਦੀ ਉਮੀਦ ਹੈ। 'ਨੋਵਾਵੈਕਸ' ਕੋਵਿਡ-19 ਵੈਕਸੀਨ ਨੂੰ ਆਸਟਰੇਲੀਆ ਵਿੱਚ ਵਰਤੋਂ ਲਈ ਹਰੀ ਝੰਡੀ ਮਿਲ ਗਈ ਹੈ ਅਤੇ ਇਸ ਨੂੰ 21 ਫਰਵਰੀ ਤੋਂ ਲਾਉਣਾ ਸ਼ੁਰੂ ਕੀਤਾ ਜਾਵੇਗਾ। ਨੋਵਾਵੈਕਸ ਦੋ-ਡੋਜ਼ ਵਾਲੀ ਵੈਕਸੀਨ ਹੈ, ਜੋ ਤਿੰਨ ਹਫ਼ਤਿਆਂ ਦੇ ਵਕਫ਼ੇ ਵਿੱਚ ਲਗਾਈ ਜਾਂਦੀ ਹੈ। ਇਸ ਸਮੇਂ ਸੂਬਾ ਕੁਈਨਜ਼ਲੈਂਡ ਵਿੱਚ 878 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਹਨ ਜਿਨ੍ਹਾਂ 'ਚੋਂ 50 ਇੰਟੈਂਸਿਵ ਕੇਅਰ ਵਿਚ ਹਨ। ਸੂਬੇ ਵਿਚ 10,212 ਨਵੇਂ ਮਾਮਲੇ, 13 ਮੌਤਾਂ ਦਰਜ ਕੀਤੀਆਂ ਗਈਆਂ ਹਨ। ਵਿਕਟੋਰੀਆ ਵਿੱਚ 998 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ। ਇੱਥੇ 11,695 ਨਵੇਂ ਕੇਸ ਅਤੇ 17 ਮੌਤਾਂ ਦਰਜ ਕੀਤੀਆਂ ਗਈਆਂ ਹਨ। ਤਸਮਾਨੀਆ ਵਿੱਚ 619 ਨਵੇਂ ਕੇਸ, ਇੱਕ ਮੌਤ ਅਤੇ 41 ਲੋਕ ਹਸਪਤਾਲ ਵਿੱਚ ਭਰਤੀ ਕੀਤੀ ਗਏ ਹਨ। ਨਿਊ ਸਾਊਥ ਵੇਲਜ਼ ਵਿੱਚ 15,091 ਨਵੇਂ ਮਾਮਲੇ ਅਤੇ 24 ਮੌਤਾਂ ਦਰਜ ਕੀਤੀਆਂ ਹਨ ਜਦਕਿ 2,816 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 196 ਇੰਟੈਂਸਿਵ ਕੇਅਰ 'ਚ ਹਨ।



Most Read

2024-09-21 17:46:12