Breaking News >> News >> The Tribune


ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਮੁੜ ਪਈ ਬਰਫ਼


Link [2022-01-25 08:34:14]



ਸ੍ਰੀਨਗਰ/ਸ਼ਿਮਲਾ, 24 ਜਨਵਰੀ

ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਥੱਲੇ ਡਿੱਗ ਗਿਆ ਜਦਕਿ ਗੁਲਮਰਗ ਤੋਂ ਇਲਾਵਾ ਸੀਜ਼ਨ 'ਚ ਪਹਿਲੀ ਵਾਰ ਆਮ ਨਾਲੋਂ ਕਈ ਡਿਗਰੀ ਵੱਧ 'ਤੇ ਟਿਕਿਆ ਰਿਹਾ। ਇਸ ਦੌਰਾਨ ਅੱਜ ਸ਼ਿਮਲਾ ਸਮੇਤ ਕਈ ਥਾਵਾਂ 'ਤੇ ਵੀ ਬਰਫ਼ਬਾਰੀ ਹੋਈ ਜਿਸ ਕਾਰਨ ਕਈ ਥਾਵਾਂ 'ਤੇ ਜਾਮ ਜਿਹੀ ਸਥਿਤੀ ਬਣ ਗਈ।

ਕਸ਼ਮੀਰ 'ਚ ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਕਈ ਹਿੱਸਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ ਖ਼ਾਸ ਤੌਰ 'ਤੇ ਦੱਖਣੀ ਕਸ਼ਮੀਰ ਵਿੱਚ। ਉਨ੍ਹਾਂ ਦੱਸਿਆ ਕਿ ਪਹਿਲਗਾਮ ਦੇ ਮਸ਼ਹੂਰ ਟੂਰਿਸਟ ਰਿਜ਼ੌਰਟ ਵਿੱਚ ਪੰਜ ਇੰਚ ਤੱਕ ਬਰਫ਼ ਪਈ ਜਦਕਿ ਕੋਕਰਨਾਗ ਵਿੱਚ 2 ਇੰਚ ਤੱਕ ਬਰਫਬਾਰੀ ਹੋਈ। ਗੁਲਮਰਗ ਦੇ ਮਸ਼ਹੂਰ ਸਕਾਈ-ਰਿਜ਼ੌਰਟ ਵਿੱਚ ਪੰਜ ਇੰਚ ਤੱਕ ਬਰਫ਼ਬਾਰੀ ਹੋਈ ਹੈ। ਸੋਨਮਰਗ ਸਮੇਤ ਘਾਟੀ ਦੇ ਉੱਪਰਲੇ ਹਿੱਸਿਆਂ ਵਿੱਚ ਵੀ ਬਰਫ਼ਬਾਰੀ ਦੀਆਂ ਖ਼ਬਰਾਂ ਹਨ। ਪ੍ਰਸ਼ਾਸਨ ਵੱਲੋਂ ਬਰਫ਼ ਹਟਾਉਣ ਲਈ ਕਾਮੇ ਤੇ ਮਸ਼ੀਨਰੀ ਲਾਈ ਗਈ ਹੈ। ਬੀਤੀ ਰਾਤ ਨੂੰ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ ਘਟ ਗਿਆ ਸੀ। ਸ੍ਰੀਨਗਰ ਵਿੱਚ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਪਿਛਲੀ ਰਾਤ ਤਾਪਮਾਨ 0.4 ਡਿਗਰੀ ਸੀ। ਗੁਲਮਰਗ ਵਿੱਚ ਤਾਪਮਾਨ ਮਨਫ਼ੀ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਬੀਤੀ ਰਾਤ ਇਹ ਮਨਫ਼ੀ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸਾਲਾਨਾ ਅਮਰਨਾਥ ਯਾਤਰਾ ਲਈ ਬੇਸ ਕੈਂਪ ਪਹਿਲਗਾਮ ਵਿੱਚ ਤਾਪਮਾਨ ਮਨਫ਼ੀ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੀਤੀ ਰਾਤ ਦੇ ਮਨਫ਼ੀ 1.2 ਡਿਗਰੀ ਸੈਲਸੀਅਸ ਨਾਲੋਂ ਵੱਧ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਹਲਕੇ ਮੀਂਹ ਜਾਂ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। -ਪੀਟੀਆਈ

ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਖੁੱਲ੍ਹਿਆ

ਬਨਿਹਾਲ/ਜੰਮੂ: ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ 'ਤੇ ਲੱਗਾ ਜਾਮ ਅੱਜ ਖੁੱਲ੍ਹ ਗਿਆ। ਸ਼ਾਹਰਾਹ ਸਾਫ਼ ਕਰਵਾਉਣ ਵਾਲੀਆਂ ਏਜੰਸੀਆਂ ਨੇ ਚੌਲਾਂ ਨਾਲ ਭਰੇ ਇੱਕ ਟਰੱਕ ਨੂੰ ਰਸਤੇ 'ਚੋਂ ਹਟਾਇਆ, ਜੋ ਰਾਮਬਨ ਜ਼ਿਲ੍ਹੇ ਵਿੱਚ ਪੰਥੀਆਲ ਨੇੜੇ ਚਿੱਕੜ 'ਚ ਧਸ ਗਿਆ ਸੀ। ਐੱਸਐੱਸਪੀ (ਟਰੈਫਿਕ) ਸ਼ਬੀਰ ਅਹਿਮਦ ਮਲਿਕ ਨੇ ਕਿਹਾ ਕਿ 130 ਭਾਰੀ ਵਾਹਨ ਤੇ 10 ਤੇਲ ਟੈਂਕਰਾਂ ਤੋਂ ਇਲਾਵਾ ਦਰਜਨਾਂ ਦੀ ਗਿਣਤੀ ਵਿੱਚ ਆਮ ਵਾਹਨ ਸ਼ਾਹਰਾਹ 'ਤੇ ਫਸ ਗਏ ਸਨ, ਜਿਨ੍ਹਾਂ ਨੂੰ ਸੜਕ ਸਾਫ਼ ਹੋਣ ਮਗਰੋਂ ਉਨ੍ਹਾਂ ਦੇ ਟਿਕਾਣਿਆਂ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹਾਲਾਂਕਿ ਜੰਮੂ ਜਾਂ ਕਸ਼ਮੀਰ ਤੋਂ ਕਿਸੇ ਵੀ ਨਵੇਂ ਵਾਹਨ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਮੰਦਰ ਲਈ ਹੈਲੀਕੌਪਟਰ ਸੇਵਾ ਵੀ ਅੱਜ ਸਵੇਰੇ ਮੁੜ ਸ਼ੁਰੂ ਕਰ ਦਿੱਤੀ ਗਈ ਜੋ ਦੋ ਦਿਨਾਂ ਤੋਂ ਬੰਦ ਸੀ। -ਪੀਟੀਆਈ



Most Read

2024-09-23 16:24:07