Breaking News >> News >> The Tribune


ਵੀਡੀਓ ਵੈਨ ਦੀ ਵਰਤੋਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ


Link [2022-01-25 08:34:14]



ਨਵੀਂ ਦਿੱਲੀ, 24 ਜਨਵਰੀ

ਚੋਣ ਕਮਿਸ਼ਨ ਨੇ ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਲਈ ਵੀਡੀਓ ਵੈਨ ਦੀ ਵਰਤੋਂ ਨਾਲ ਜੁੜੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਤਹਿਤ ਵੀਡੀਓ ਵੈਨ ਦੇ ਕਿਸੇ ਵੀ ਥਾਂ 'ਤੇ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰੁਕਣ 'ਤੇ ਪਾਬੰਦੀ ਰਹੇਗੀ। ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਚੋਣ ਕਮਿਸ਼ਨ ਨੇ ਰੈਲੀਆਂ ਕਰਨ 'ਤੇ ਪਾਬੰਦੀ 31 ਜਨਵਰੀ ਤੱਕ ਵਧਾ ਦਿੱਤੀ ਸੀ ਪਰ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਖੁੱਲ੍ਹੀਆਂ ਥਾਵਾਂ 'ਤੇ ਕੋਵਿਡ ਪ੍ਰੋਟੋਕੋਲ ਦੇ ਪਾਲਣ ਨਾਲ ਵੱਧ ਤੋਂ ਵੱਧ 500 ਲੋਕਾਂ ਦੀ ਹਾਜ਼ਰੀ 'ਚ ਵੀਡੀਓ ਵੈਨ ਰਾਹੀਂ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਸੀ। ਕਮਿਸ਼ਨ ਨੇ ਸਾਰੇ ਮੁੱਖ ਚੋਣ ਅਧਿਕਾਰੀਆਂ ਨੂੰ ਇਕ ਚਿੱਠੀ ਜਾਰੀ ਕਰਕੇ ਪਾਰਟੀਆਂ ਵੱਲੋਂ ਵੀਡੀਓ ਵੈਨ ਦੀ ਵਰਤੋਂ ਨਾਲ ਜੁੜੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਚਿੱਠੀ 'ਚ ਕਿਹਾ ਗਿਆ ਹੈ ਕਿ ਵੀਡੀਓ ਵੈਨ ਰਾਹੀਂ ਪ੍ਰਚਾਰ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੇਚਲ ਨਹੀਂ ਹੋਣੀ ਚਾਹੀਦੀ ਹੈ ਅਤੇ ਟਰੈਫਿਕ 'ਚ ਕੋਈ ਅੜਿੱਕਾ ਨਹੀਂ ਪੈਣਾ ਚਾਹੀਦਾ ਹੈ। ਚਿੱਠੀ ਮੁਤਾਬਕ,''ਸਿਆਸੀ ਪਾਰਟੀਆਂ ਵੱਲੋਂ ਵੀਡੀਓ ਵੈਨ ਦੀ ਵਰਤੋਂ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਐਲਾਨਾਂ ਦੇ ਪ੍ਰਚਾਰ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ਰਾਹੀਂ ਕਿਸੇ ਉਮੀਦਵਾਰ ਲਈ ਵੋਟ ਜਾਂ ਹਮਾਇਤ ਨਹੀਂ ਮੰਗੀ ਜਾ ਸਕੇਗੀ।'' ਚਿੱਠੀ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਵੀਡੀਓ ਵੈਨ ਦੀ ਵਰਤੋਂ ਕਿਸੇ ਉਮੀਦਵਾਰ ਦੇ ਪ੍ਰਚਾਰ ਲਈ ਕੀਤੀ ਜਾਂਦੀ ਹੈ ਤਾਂ ਉਸ ਦਾ ਖ਼ਰਚਾ ਸਬੰਧਤ ਉਮੀਦਵਾਰ ਦੇ ਖਾਤੇ 'ਚ ਦਰਜ ਕੀਤਾ ਜਾਵੇਗਾ। ਚੋਣ ਆਬਜ਼ਰਵਰਾਂ ਨੂੰ ਅਜਿਹੇ ਖ਼ਰਚਿਆਂ 'ਤੇ ਨੇੜਿਉਂ ਨਜ਼ਰ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੀਡੀਓ ਵੈਨ ਰਾਹੀਂ ਪ੍ਰਚਾਰ ਸਵੇਰੇ 8 ਤੋਂ ਰਾਤ 8 ਵਜੇ ਤੱਕ ਹੀ ਕੀਤਾ ਜਾ ਸਕੇਗਾ ਅਤੇ ਰੈਲੀਆਂ ਤੇ ਰੋਡ ਸ਼ੋਅਜ਼ ਦੌਰਾਨ ਇਨ੍ਹਾਂ ਵੈਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਵੀਡੀਓ ਵੈਨ ਕਿਸੇ ਵੀ ਪ੍ਰਚਾਰ ਵਾਲੀ ਥਾਂ 'ਤੇ ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਨਾ ਰੁਕੇ ਅਤੇ ਇਹ ਯਕੀਨੀ ਬਣਾਉਣਾ ਸਬੰਧਿਤ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ ਹੋਵੇਗੀ। -ਪੀਟੀਆਈ



Most Read

2024-09-23 16:36:30