Breaking News >> News >> The Tribune


ਭਾਜਪਾ ਪੱਖੀ ਸਰਵੇਖਣ ‘ਅਫੀਮ ਸਰਵੇਖਣ’ ਨੇ: ਅਖਿਲੇਸ਼


Link [2022-01-25 08:34:14]



ਲਖਨਊ, 24 ਜਨਵਰੀ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਚੜ੍ਹਤ ਦਾ ਦਾਅਵਾ ਕਰਨ ਵਾਲੇ ਸਰਵੇਖਣ 'ਓਪੀਅਮ ਪੋਲਜ਼ ਹਨ, ਨਾ ਕਿ ਓਪੀਨੀਅਨ ਪੋਲਜ਼'। ਉਨ੍ਹਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸਭ ਤੋਂ ਵੱਡਾ ਝੂਠਾ ਵੀ ਆਖਿਆ। ਉਨ੍ਹਾਂ ਐੱਨਡੀਟੀਵੀ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ,'ਸਾਨੂੰ ਨਹੀਂ ਪਤਾ ਕਿ ਉਹ ਕਿਹੜੇ ਨਸ਼ੇ 'ਚ ਅਜਿਹੇ ਅੰਕੜੇ ਦਿਖਾ ਰਹੇ ਹਨ?' ਉਨ੍ਹਾਂ ਕੁਝ ਟੀਵੀ ਚੈਨਲਾਂ 'ਤੇ ਯੂਪੀ ਚੋਣਾਂ ਸਬੰਧੀ ਦਿਖਾਏ ਜਾ ਰਹੇ ਓਪੀਨੀਅਨ ਪੋਲਾਂ (ਚੋਣ ਰੁਝਾਨਾਂ) 'ਤੇ ਪਾਬੰਦੀ ਲਾਉਣ ਦੀ ਆਪਣੀ ਮੰਗ ਦਾ ਪੱਖ ਪੂਰਿਆ। ਉਨ੍ਹਾਂ ਮੰਨਿਆ ਕਿ ਇਹ ਸਰਵੇਖਣ ਬਿਨਾਂ ਤੱਥਾਂ ਜਾਂ ਸਬੂਤਾਂ ਤੋਂ ਭਾਜਪਾ ਦਾ ਪੱਖ ਪੂਰ ਰਹੇ ਹਨ। ਉਨ੍ਹਾਂ ਟਿੱਪਣੀ ਕੀਤੀ,'ਉਨ੍ਹਾਂ ਦੇ ਵਿਧਾਇਕ ਹਲਕਿਆਂ ਵਿੱਚ ਦਾਖ਼ਲ ਹੋ ਸਕਣ ਦੇ ਅਸਮਰੱਥ ਹਨ। ਲੋਕ ਉਨ੍ਹਾਂ ਨੂੰ ਕੁੱਟ ਰਹੇ ਹਨ। ਉਨ੍ਹਾਂ ਦੇ ਐੱਮਪੀਜ਼ 'ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਦੇ ਉਪ ਮੁੱਖ ਮੰਤਰੀ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ। ਇੱਕ ਪਾਰਟੀ, ਜਿਸਦੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੰਤਰੀਆਂ ਨੂੰ ਇਸ ਕਦਰ ਬੇਇੱਜ਼ਤ ਕੀਤਾ ਜਾ ਰਿਹਾ ਹੈ ਤੇ ਜਦੋਂ ਇਹ ਸਪੱਸ਼ਟ ਹੈ ਕਿ ਜਨਤਾ ਉਨ੍ਹਾਂ ਖ਼ਿਲਾਫ਼ ਹੈ ਤਾਂ ਉਹ ਕਿਹੜੇ ਚੋਣ ਰੁਝਾਨ ਦਿਖਾ ਰਹੇ ਹਨ? ਉਹ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੇ ਹਨ।'

ਸਪਾ ਮੁਖੀ ਨੇ ਕਿਹਾ ਕਿ ਹਰ ਵਿਅਕਤੀ ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਪ੍ਰਭਾਵਿਤ ਹੋਇਆ ਹੈ ਪਰ ਭਾਜਪਾ ਨੇ ਇਸ ਬਾਰੇ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਵਰਚੁਅਲ ਰੈਲੀਆਂ ਦੀ ਤਿਆਰੀ ਸੀ। ਉਨ੍ਹਾਂ ਕਿਹਾ,'ਉਨ੍ਹਾਂ ਦੇ ਸਟੂਡੀਓ ਪਹਿਲਾਂ ਹੀ ਬਣੇ ਹੋਏ ਹਨ। ਉਨ੍ਹਾਂ ਨੂੰ ਪਤਾ ਸੀ ਕਿ ਡਿਜੀਟਲ ਪ੍ਰਚਾਰ ਦੀ ਸੰਭਾਵਨਾ ਹੈ, ਇਸ ਲਈ ਉਨ੍ਹਾਂ ਆਪਣਾ ਬੁਨਿਆਦੀ ਢਾਂਚਾ ਪਹਿਲਾਂ ਹੀ ਤਿਆਰ ਰੱਖਿਆ। ਕੀ ਉਨ੍ਹਾਂ ਨੂੰ ਪਤਾ ਸੀ ਕਿ ਚੋਣ ਕਮਿਸ਼ਨ ਰੈਲੀਆਂ 'ਤੇ ਰੋਕ ਲਾ ਦੇਵੇਗਾ? ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਚੋਣ ਕਮਿਸ਼ਨ ਦੇ ਫ਼ੈਸਲਿਆਂ 'ਤੇ ਸੁਆਲ ਨਹੀਂ ਚੁੱਕ ਰਹੇ। ਸ੍ਰੀ ਯਾਦਵ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਉਨ੍ਹਾਂ ਦੇ ਮੁਫ਼ਤ ਬਿਜਲੀ ਦੇ ਵਾਅਦੇ 'ਤੇ ਕੀਤੀਆਂ ਟਿੱਪਣੀਆਂ 'ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਭਾਜਪਾ ਵੱਲੋਂ ਉਨ੍ਹਾਂ (ਯਾਦਵ) ਵੱਲੋਂ ਕੀਤੀ ਗਈ ਟਿੱਪਣੀ- 'ਚੀਨ ਸਾਡਾ ਅਸਲ ਦੁਸ਼ਮਣ ਹੈ ਜਦਕਿ ਪਾਕਿਸਤਾਨ ਰਾਜਨੀਤਕ ਦੁਸ਼ਮਣ ਹੈ' ਦੀ ਕੀਤੀ ਗਈ ਨਿਖੇਧੀ 'ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ,'ਮੈਂ ਪਾਕਿਸਤਾਨ ਬਾਰੇ ਉਹੀ ਗੱਲ ਆਖੀ ਸੀ, ਜੋ ਸਾਡੇ ਸਵਰਗੀ ਸੀਡੀਐੱਸ ਜਨਰਲ ਬਿਪਿਨ ਰਾਵਤ ਆਖਿਆ ਕਰਦੇ ਸਨ। ਕੀ ਮੈਂ ਬਿਪਿਨ ਰਾਵਤ ਦੀਆਂ ਗੱਲਾਂ ਦਾ ਹਵਾਲਾ ਨਹੀਂ ਦੇ ਸਕਦਾ?' ਸਪਾ ਮੁਖੀ ਅਖਿਲੇਸ਼ ਯਾਦਵ ਦੀ ਭਰਜਾਈ ਵੱਲੋਂ ਪਿਛਲੇ ਹਫ਼ਤੇ ਭਾਜਪਾ 'ਚ ਸ਼ਾਮਲ ਹੋਣ ਸਬੰਧੀ ਪੁੱਛੇ ਸੁਆਲ 'ਤੇ ਸ੍ਰੀ ਯਾਦਵ ਨੇ ਕਿਹਾ ਕਿ ਭਾਜਪਾ ਪਰਿਵਾਰਾਂ 'ਚ ਵੰਡ ਪਾਉਂਦੀ ਹੈ ਪਰ ਉਨ੍ਹਾਂ ਦੀ ਪਾਰਟੀ ਨੇ ਕਿਸੇ ਦੇ ਪਰਿਵਾਰ ਨੂੰ ਲੜਾਈ 'ਚ ਨਹੀਂ ਘਸੀਟਿਆ। -ਪੀਟੀਆਈ



Most Read

2024-09-23 16:24:04