Breaking News >> News >> The Tribune


ਕੇਜਰੀਵਾਲ ਵੱਲੋਂ ‘ਏਕ ਮੌਕਾ ਕੇਜਰੀਵਾਲ ਕੋ’ ਡਿਜੀਟਲ ਮੁਹਿੰਮ ਸ਼ੁਰੂ


Link [2022-01-25 08:34:14]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 24 ਜਨਵਰੀ

'ਆਪ' ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਏਕ ਮੌਕਾ ਕੇਜਰੀਵਾਲ ਕੋ' ਡਿਜੀਟਲ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਦਿੱਲੀ ਵਾਸੀ ਵੀਡੀਓ ਬਣਾ ਕੇ ਦੂਜੇ ਰਾਜਾਂ ਦੇ ਲੋਕਾਂ ਨੂੰ ਦਿੱਲੀ ਸਰਕਾਰ ਦੇ ਬਿਹਤਰ ਕੰਮਾਂ ਬਾਰੇ ਦੱਸਣਗੇ। ਉਨ੍ਹਾਂ ਦਿੱਲੀ ਸਰਕਾਰ ਦੇ ਕੰਮਾਂ ਦੇ ਨਾਂ 'ਤੇ ਹੋਰ ਸੂਬਿਆਂ ਦੇ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ, 'ਅਸੀਂ ਦਿੱਲੀ ਵਿੱਚ ਬਹੁਤ ਵਧੀਆ ਕੰਮ ਕਰ ਸਕੇ ਹਾਂ ਕਿਉਂਕਿ ਤੁਸੀਂ ਸਾਨੂੰ ਮੌਕਾ ਦਿੱਤਾ ਸੀ। ਅਸੀਂ ਦਿੱਲੀ ਦੇ ਲੋਕਾਂ ਨੂੰ ਸਕੂਲ, ਹਸਪਤਾਲ, ਬਿਜਲੀ, ਪਾਣੀ, ਸੜਕਾਂ ਸਮੇਤ ਕਈ ਸਹੂਲਤਾਂ ਦਿੱਤੀਆਂ ਤੇ ਹਰ ਵਾਅਦਾ ਪੂਰਾ ਕੀਤਾ। ਹੋਰ ਥਾਵਾਂ 'ਤੇ ਵੀ ਅਸੀਂ ਚੰਗਾ ਕੰਮ ਉਦੋਂ ਹੀ ਕਰ ਸਕਾਂਗੇ, ਜਦੋਂ ਦੂਜੇ ਰਾਜਾਂ ਦੇ ਲੋਕ ਵੀ ਸਾਨੂੰ ਮੌਕਾ ਦੇਣਗੇ।' ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼ ਤੇ ਗੋਆ ਦੀਆਂ ਚੋਣਾਂ ਦੌਰਾਨ ਇਨ੍ਹਾਂ ਰਾਜਾਂ ਦੇ ਵੋਟਰਾਂ ਨੂੰ ਦਿੱਲੀ ਦੇ ਲੋਕਾਂ ਵੱਲੋਂ ਵੀਡੀਓ ਭੇਜਣ ਦਾ ਸੱਦਾ ਦਿੰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੀਤੇ ਚੰਗੇ ਕੰਮਾਂ ਦੀ ਵੀਡੀਓ ਬਣਾ ਕੇ ਇਨ੍ਹਾਂ ਰਾਜਾਂ ਵਿੱਚ ਰਹਿੰਦੇ ਆਪਣੇ ਜਾਣਕਾਰਾਂ ਨੂੰ ਭੇਜੋ ਤੇ ਦੱਸੋ ਕਿ ਦਿੱਲੀ ਵਿੱਚ ਕਿਹੜੇ-ਕਿਹੜੇ ਚੰਗੇ ਕੰਮ ਹੋਏ ਤੇ ਕਿੰਨੇ ਲਾਭ ਹੋਏ? ਉਨ੍ਹਾਂ 'ਆਪ' ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ 'ਆਪ' ਕੋਲ ਚੋਣਾਂ ਲਈ ਕਰੋੜਾਂ ਰੁਪਏ ਨਹੀਂ ਹਨ ਤੇ ਪਾਰਟੀ ਦਾ ਸਰਮਾਇਆ ਲੋਕ ਹੀ ਹਨ।

ਸ੍ਰੀ ਕੇਜਰੀਵਾਲ ਨੇ ਅੱਜ ਡਿਜੀਟਲ ਪ੍ਰੈੱਸ ਕਾਨਫਰੰਸ ਕਰ ਕੇ ਦਿੱਲੀ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਦਿੱਲੀ ਵਿੱਚ 'ਆਪ' ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਹਨ। ਸੰਯੁਕਤ ਰਾਸ਼ਟਰ ਤੋਂ ਵਫ਼ਦ ਮੈਂਬਰ ਦਿੱਲੀ ਦੇ ਮੁਹੱਲਾ ਕਲੀਨਿਕ ਦੇਖਣ ਆਏ ਜਦਕਿ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਵੀ ਦਿੱਲੀ ਦਾ ਸਕੂਲ ਦੇਖਣ ਲਈ ਪੁੱਜੇ ਸਨ।

ਉਨ੍ਹਾਂ ਕਿਹਾ, 'ਇਸ ਮੁਹਿੰਮ ਵਿੱਚ ਦਿੱਲੀ ਦੇ ਲੋਕ ਆਪਣੀ ਵੀਡੀਓ ਬਣਾ ਕੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਦੱਸਣਗੇ ਕਿ ਦਿੱਲੀ 'ਚ ਕਿਹੜੇ-ਕਿਹੜੇ ਚੰਗੇ ਕੰਮ ਹੋਏ ਹਨ। ਆਪਣੀ ਇੱਕ ਵੀਡੀਓ ਬਣਾਓ ਤੇ ਸਾਨੂੰ ਦੱਸੋ ਕਿ ਤੁਹਾਨੂੰ ਸਾਡਾ ਕਿਹੜਾ ਕੰਮ ਪਸੰਦ ਹੈ। ਕਿਹੜੇ ਕੰਮ ਤੋਂ ਕੀ ਤੇ ਕਿੰਨਾ ਲਾਭ ਹੋਇਆ? ਤੁਹਾਡੀ ਕਲੋਨੀ ਵਿੱਚ ਮੁਹੱਲਾ ਕਲੀਨਿਕ ਖੋਲ੍ਹਿਆ ਗਿਆ ਤੇ ਉਸ ਦਾ ਕਿੰਨਾ ਫ਼ਾਇਦਾ ਹੋਇਆ। ਕੀ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਸੁਧਾਰ ਦਾ ਕੋਈ ਲਾਭ ਹੋਇਆ ਹੈ? ਤੁਹਾਡੇ ਬਿਜਲੀ ਅਤੇ ਪਾਣੀ ਦੇ ਬਿੱਲ ਜ਼ੀਰੋ ਹਨ? ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਹੋਰ ਫ਼ਾਇਦਾ ਹੋਵੇ ਤਾਂ ਦੱਸੋ ਜਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਸਰਕਾਰ ਨੇ ਦਿੱਲੀ ਦਾ ਕੋਈ ਭਲਾ ਕੀਤਾ ਹੈ ਤਾਂ ਤੁਸੀਂ ਵੀਡੀਓ ਵਿੱਚ ਜ਼ਰੂਰ ਦੱਸੋ।'

'ਆਪ' ਉਮੀਦਵਾਰ ਵੱਲੋਂ ਖ਼ੁਦ ਨੂੰ ਸਾੜਨ ਦੀ ਕੋਸ਼ਿਸ਼

ਮੁਜ਼ੱਫਰਨਗਰ: ਮੀਆਂਪੁਰ ਹਲਕੇ ਤੋਂ 'ਆਪ' ਉਮੀਦਵਾਰ ਜੋਗਿੰਦਰ ਸਿੰਘ ਨੇ ਰਿਟਰਨਿੰਗ ਅਫ਼ਸਰ ਵੱਲੋਂ ਉਸਦਾ ਨਾਮਜ਼ਦਗੀ ਪੱਤਰ ਰੱਦ ਕਰਨ 'ਤੇ ਅੱਜ ਜ਼ਿਲ੍ਹਾ ਕੁਲੈਕਟਰ ਦਫ਼ਤਰ ਦੇ ਅੱਗੇ ਕਥਿਤ ਤੌਰ 'ਤੇ ਖ਼ੁਦ 'ਤੇ ਮਿੱਟੀ ਦਾ ਤੇਲ ਛਿੜਕ ਕੇ ਆਪਣੇ-ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲੀਸ ਨੇ ਉਸ ਵੱਲੋਂ ਕਥਿਤ ਤੌਰ 'ਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ ਗਈ। ਇਸ ਮਗਰੋਂ 'ਆਪ' ਉਮੀਦਵਾਰ ਜ਼ਿਲ੍ਹਾ ਕੁਲੈਕਟਰ ਦਫ਼ਤਰ ਅੱਗੇ ਧਰਨੇ 'ਤੇ ਬੈਠ ਗਿਆ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਆਪਣੇ ਨਾਮਜ਼ਦਗੀ ਪੱਤਰ 'ਚ ਮਿਲੀ ਤਰੁੱਟੀ ਦੂਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਸੂਤਰਾਂ ਮੁਤਾਬਕ ਰਿਟਰਨਿੰਗ ਅਫ਼ਸਰ ਜੈਇੰਦਰ ਕੁਮਾਰ ਵੱਲੋਂ 'ਆਪ' ਉਮੀਦਵਾਰ ਦਾ ਨਾਮਜ਼ਦਗੀ ਪੱਤਰ ਕੁਝ ਅਹਿਮ ਖਾਮੀਆਂ ਕਾਰਨ ਰੱਦ ਕਰਨ ਦਿੱਤਾ ਗਿਆ ਸੀ। -ਪੀਟੀਆਈ



Most Read

2024-09-23 16:25:42