Breaking News >> News >> The Tribune


ਸਥਿਤੀ ਆਮ ਹੋਣ ਮਗਰੋਂ ਬਹਾਲ ਹੋਵੇਗਾ ਸੂਬੇ ਦਾ ਦਰਜਾ: ਸ਼ਾਹ


Link [2022-01-23 07:15:10]



ਨਵੀਂ ਦਿੱਲੀ/ਜੰਮੂ, 22 ਜਨਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਹੱਦਬੰਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਹੋਣਗੀਆਂ ਤੇ ਯੂਟੀ ਵਿੱਚ ਹਾਲਾਤ ਠੀਕ ਹੋਣ ਮਗਰੋਂ ਸੂਬੇ ਦਰਜਾ ਬਹਾਲ ਕਰ ਦਿੱਤਾ ਜਾਵੇਗਾ। ਵਰਚੁਅਲ ਮਾਧਿਅਮ ਰਾਹੀਂ ਭਾਰਤ ਦਾ ਪਹਿਲਾ 'ਜ਼ਿਲ੍ਹਾ ਚੰਗਾ ਸੁਸ਼ਾਸਨ ਸੂਚਕ ਅੰਕ' ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜੀਹ ਹੈ ਤੇ ਯੂਟੀ ਦੇ ਵਿਕਾਸ ਲਈ ਬਹੁਪੱਖੀ ਯਤਨ ਕੀਤੇ ਜਾ ਰਹੇ ਹਨ।' ਉਨ੍ਹਾਂ ਕਿਹਾ, 'ਜਿੱਥੋਂ ਤੱਕ ਲੋਕਤੰਤਰੀ ਪ੍ਰਕਿਰਿਆ ਦਾ ਸਬੰਧੀ ਹੈ, ਹੱਦਬੰਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਦੇ ਮੁਕੰਮਲ ਹੋਣ ਮਗਰੋਂ ਅਸੀਂ ਵਿਧਾਨ ਸਭਾ ਚੋਣਾਂ ਕਰਾਵਾਂਗੇ। ਕੁਝ ਲੋਕਾਂ ਨੇ ਬਹੁਤ ਗੱਲਾਂ ਕਹੀਆਂ ਹਨ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸੰਸਦ ਵਿੱਚ ਭਰੋਸਾ ਦਿੱਤਾ ਹੈ ਕਿ ਜੰਮੂ ਕਸ਼ਮੀਰ ਸੂਬੇ ਦਾ ਦਰਜਾ ਮੁੜ ਬਹਾਲ ਕੀਤਾ ਜਾਵੇਗਾ।' ਸ੍ਰੀ ਸ਼ਾਹ ਨੇ ਕਿਹਾ ਕਿ ਕੁਝ ਲੋਕ ਘਾਟੀ ਦੇ ਲੋਕਾਂ ਦੇ ਮਨਾਂ 'ਚ ਦੁਚਿੱਤੀ ਪੈਦਾ ਕਰਨਾ ਚਾਹੁੰਦੇ ਹਨ ਤੇ ਉਹ ਸਾਰਿਆਂ ਨੂੰ ਉਨ੍ਹਾਂ ਦੇ ਜਾਲ 'ਚ ਨਾ ਫਸਣ ਦੀ ਬੇਨਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਪ੍ਰਣਾਲੀ ਦੇ ਲਾਗੂ ਹੋਣ ਨਾਲ ਲੋਕਤੰਤਰ ਸਮਾਜ ਦੇ ਹੇਠਲੇ ਪੱਧਰ ਤੱਕ ਪੁੱਜ ਗਿਆ ਹੈ ਤੇ ਇਹੀ ਗੱਲ ਹੈ ਕਿ ਕੁਝ ਲੋਕ ਚਿੰਤਾਤੁਰ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦਾ ਵਿਕਾਸ ਲੋਕਤੰਤਰੀ ਢੰਗ ਨਾਲ ਹੀ ਸੰਭਵ ਹੈ ਤੇ ਲੋਕ ਲੋਕਤੰਤਰ ਰਾਹੀਂ ਹੀ ਖੁਸ਼ ਰਹਿ ਸਕਦੇ ਹਨ ਤੇ ਨੌਜਵਾਨ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ,'ਲੋਕਤੰਤਰ ਕਾਇਮ ਰੱਖਣ ਲਈ ਸ਼ਾਂਤੀ ਜ਼ਰੂਰੀ ਹੈ। ਮੈਂ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਨਿੱਜੀ ਹਿੱਤਾਂ ਵਾਲੇ ਲੋਕਾਂ ਦੀਆਂ ਗੱਲਾਂ 'ਚ ਨਾ ਆਉਣ।' ਉਨ੍ਹਾਂ ਸੂਬੇ ਦੇ ਲੋਕਾਂ ਨੂੰ 'ਜ਼ਿਲ੍ਹਾ ਚੰਗਾ ਸੁਸ਼ਾਸਨ ਸੂਚਕ ਅੰਕ' ਜਾਰੀ ਹੋਣ 'ਤੇ ਮੁਬਾਰਕਬਾਦ ਦਿੱਤੀ। -ਪੀਟੀਆਈ

ਸ਼ਾਹ ਵੱਲੋਂ ਕੈਰਾਨਾ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ

ਕਾਇਰਾਨਾ (ਯੂਪੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਯੂਪੀ ਵਿੱਚ ਘਰੋਂ-ਘਰੀਂ ਪ੍ਰਚਾਰ ਦੀ ਸ਼ੁਰੂਆਤ ਮੌਕੇ ਸਾਲ 2017 ਤੋਂ ਪਹਿਲਾਂ ਕੈਰਾਨਾ ਛੱਡ ਕੇ ਜਾਣ ਵਾਲੇ ਹਿੰਦੂ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪਾਰਟੀ ਕਾਰਕੁਨਾਂ ਤੇ ਆਗੂਆਂ ਨਾਲ ਉਨ੍ਹਾਂ ਭਾਜਪਾ ਦੀਆਂ ਪ੍ਰਾਪਤੀਆਂ ਦੱਸਣ ਵਾਲੇ ਪਰਚੇ ਵੰਡੇ। ਚੋਣ ਤਰੀਕਾਂ ਦੇ ਐਲਾਨ ਹੋਣ ਮਗਰੋਂ ਯੂਪੀ ਵਿੱਚ ਅਮਿਤ ਸ਼ਾਹ ਵੱਲੋਂ ਇਹ ਪਹਿਲਾ ਰਾਜਸੀ ਪ੍ਰੋਗਰਾਮ ਹੈ ਤੇ ਕੈਰਾਨਾ ਦੀ ਚੋਣ ਕਾਫ਼ੀ ਅਹਿਮ ਹੈ ਕਿਉਂਕਿ ਭਾਜਪਾ ਆਗੂਆਂ ਨੇ ਦੋਸ਼ ਲਾਇਆ ਸੀ ਕਿ ਸਮਾਜਵਾਦੀ ਪਾਰਟੀ ਦੇ ਕਾਰਜਕਾਲ ਦੌਰਾਨ ਧਮਕੀਆਂ ਮਿਲਣ ਕਾਰਨ ਵੱਡੀ ਗਿਣਤੀ ਵਿੱਚ ਹਿੰਦੂ ਇਸ ਇਲਾਕੇ ਤੋਂ ਪਰਵਾਸ ਕਰਨ ਲਈ ਮਜਬੂਰ ਹੋਏ ਸਨ, ਜੋ ਸਾਲ 2017 'ਚ ਵੱਡਾ ਚੋਣ ਮੁੱਦਾ ਬਣਿਆ ਸੀ। -ਪੀਟੀਆਈ

ਸੂਬੇ ਦੀ ਹੋਂਦ ਤੋਂ ਬਿਨਾਂ ਹਰੇਕ ਦਿਨ ਸੰਘਵਾਦ ਦਾ ਅਪਮਾਨ: ਵਿਰੋਧੀ ਦਲ

ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਵਿਰੋਧੀ ਧਿਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਬਿਆਨ ਸਵੈ-ਵਿਰੋਧੀ ਹੈ ਤੇ ਸੂਬੇ ਦੀ ਹੋਂਦ ਤੋਂ ਬਿਨਾਂ ਹਰੇਕ ਦਿਨ ਸੰਘਵਾਦ ਦਾ ਅਪਮਾਨ ਹੈ। ਪੀਡੀਪੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਟਵੀਟ ਕੀਤਾ,'ਸੂਬੇ ਵਿੱਚ ਹਾਲਾਤ ਆਮ ਦਰਸਾਉਣ ਲਈ ਇੱਥੋਂ ਦੇ ਲੋਕਾਂ ਨੂੰ ਚੁੱਪ ਰਹਿਣ ਲਈ ਡਰਾਉਣ ਮਗਰੋਂ ਭਾਰਤ ਸਰਕਾਰ ਦਾ ਇਹ ਬਿਆਨ ਦੇਣਾ ਕਿ ਸਥਿਤੀ ਅਜੇ ਵੀ ਆਮ ਨਹੀਂ ਹੈ, ਸਵੈ-ਵਿਰੋਧੀ ਹੈ। ਇਸੇ ਤਰ੍ਹਾਂ ਪੀਪਲਜ਼ ਕਾਨਫਰੰਸ ਮੁਖੀ ਸੱਜਾਦ ਲੋਨ ਨੇ ਪੁੱਛਿਆ ਕਿ ਹਾਲਾਤ ਆਮ ਹੋਣ ਦੀ ਪਰਿਭਾਸ਼ਾ ਕੌਣ ਦੇਵੇਗਾ? ਸੀਪੀਆਈ (ਐੱਮ) ਦੇ ਆਗੂ ਐੱਮ ਵਾਈ ਤਰੀਗਾਮੀ ਨੇ ਕਿਹਾ ਕਿ ਯੂਟੀ ਦੇ ਲੋਕਾਂ ਨੂੰ ਸੱਤਾ ਵਿੱਚ ਸ਼ਮੂਲੀਅਤ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਜੋ ਕਿ ਸੁਸ਼ਾਸਨ ਦਾ ਮੁੱਢਲਾ ਸਿਧਾਂਤ ਹੈ।' -ਪੀਟੀਆਈ



Most Read

2024-09-23 18:34:18