Breaking News >> News >> The Tribune


ਖ਼ਾਸ ਫ਼ਿਰਕੇ ਨੂੰ ਨਿਸ਼ਾਨਾ ਬਣਾਉਣ ਲਈ ਹਿੰਸਾ ਅਤੇ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹੈ: ਦਿਗਵਿਜੈ


Link [2022-01-23 07:15:10]



ਭੋਪਾਲ, 22 ਜਨਵਰੀ

ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਇੱਕ ਖ਼ਾਸ ਫ਼ਿਰਕੇ ਨੂੰ ਨਿਸ਼ਾਨਾ ਬਣਾਉਣ ਲਈ ਮੁਲਕ ਵਿੱਚ ਹਿੰਸਾ ਅਤੇ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਸੈਂਟਰਲ ਇੰਡੀਆ ਪ੍ਰੈੱਸ ਕਲੱਬ ਵੱਲੋਂ ਇੱਥੇ 'ਜਰਨਲਿਜ਼ਮ ਐਂਡ ਬਰਨਿੰਗ ਇਸ਼ੂ' ਵਿਸ਼ੇ ਬਾਰੇ ਚਰਚਾ ਮੌਕੇ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਇਹ ਦਾਅਵਾ ਵੀ ਕੀਤਾ ਕਿ ਲੋਕਤੰਤਰ ਵਿੱਚ ਰਾਜਨੀਤਕ ਆਗੂਆਂ 'ਚ ਸਹਿਣਸ਼ੀਲਤਾ ਤੇ ਸੂਝ-ਬੂਝ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨੇ ਹੀ ਉਨ੍ਹਾਂ ਨੂੰ ਨਵੀਆਂ ਉਚਾਈਆਂ ਤੱਕ ਪੁੱਜਣ 'ਚ ਮਦਦ ਕੀਤੀ ਹੈ।

ਸੱਤਾਧਾਰੀ ਧਿਰ 'ਤੇ ਨਿਸ਼ਾਨਾ ਸੇਧਦਿਆਂ ਬਿਨਾਂ ਕਿਸੇ ਦਾ ਨਾਂ ਤੇ ਮੌਜੂਦਾ ਪ੍ਰਸਥਿਤੀਆਂ ਬਾਰੇ ਇਸ਼ਾਰਾ ਕਰਦਿਆਂ ਉਨ੍ਹਾਂ ਪੁੱਛਿਆ ਕਿ ਜੇਕਰ ਰਾਜਸੀ ਆਗੂਆਂ ਵਿੱਚ ਆਲੋਚਨਾ ਨੂੰ ਬਰਦਾਸ਼ਤ ਕਰਨ ਦਾ ਮਾਦਾ ਹੀ ਨਹੀਂ ਹੋਵੇਗਾ ਤਾਂ ਲੋਕਤੰਤਰ ਨੂੰ ਵਧਣ-ਫੁੱਲਣ ਦਾ ਮੌਕਾ ਕਿਵੇਂ ਮਿਲੇਗਾ?' ਉਨ੍ਹਾਂ ਕਿਹਾ,'ਇੱਕ ਖ਼ਾਸ ਸਮੂਹ ਨੂੰ ਨਿਸ਼ਾਨਾ ਬਣਾਉਣ ਲਈ ਮੁਲਕ ਵਿੱਚ ਹਿੰਸਾ ਤੇ ਨਫ਼ਰਤ ਦਾ ਮਾਹੌਲ ਪੈਦਾ ਕਰਨਾ ਹੀ ਫਾਸ਼ੀਵਾਦ ਦੀ ਯੋਜਨਾ ਹੈ। ਕਿਸੇ ਦੁਸ਼ਮਣ ਦੀ ਪਛਾਣ ਕਰੋ ਤੇ ਜਦੋਂ ਉਸ ਦੀ ਪਛਾਣ ਹੋ ਜਾਵੇ ਤਾਂ ਉਸ ਨੂੰ ਮੁਲਕ ਵਿਰੋਧੀ ਗਰਦਾਨ ਦੇਵੋ ਤੇ ਇੰਜ ਰਾਸ਼ਟਰ-ਵਿਰੋਧੀ ਰਾਸ਼ਟਰਵਾਦੀ ਬਣ ਜਾਂਦਾ ਹੈ।' ਉਨ੍ਹਾਂ ਕਿਹਾ ਕਿ ਇੱਕ ਫ਼ਿਰਕੇ ਨੂੰ ਰਾਸ਼ਟਰ ਵਿਰੋਧੀ ਆਖ ਦੇਣਾ ਤੇ ਫਿਰ ਉਨ੍ਹਾਂ ਖ਼ਿਲਾਫ਼ ਲੜਾਈ ਨੂੰ ਰਾਸ਼ਟਰਵਾਦ ਦਾ ਪ੍ਰਤੀਕ ਬਣਾਉਣ ਨੂੰ ਲੋਕਤੰਤਰ ਨਹੀਂ ਬਲਕਿ ਨਿਰਕੁੰਸ਼ਤਾ ਅਤੇ ਫਾਸ਼ੀਵਾਦ ਹੀ ਆਖਿਆ ਜਾ ਸਕਦਾ ਹੈ।' ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਜੇਕਰ ਲੋਕਤੰਤਰ ਨੂੰ ਜ਼ਿੰਦਾ ਰੱਖਣਾ ਹੈ ਤਾਂ ਨਿਰਪੱਖ ਪੱਤਰਕਾਰੀ ਨੂੰ ਅਹਿਮ ਭੂਮਿਕਾ ਨਿਭਾਉਣੀ ਪਵੇਗੀ। ਇਸ ਦੌਰਾਨ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕਰਨ ਲਈ ਦਿਗਵਿਜੈ ਅਤੇ ਦੋ ਦਰਜਨ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ



Most Read

2024-09-23 18:31:49