Breaking News >> News >> The Tribune


ਗਣਤੰਤਰ ਦਿਵਸ ਦੀ ਝਾਕੀ ਦਿਖਾਵੇਗੀ ਆਜ਼ਾਦੀ ਸੰਘਰਸ਼ ’ਚ ਪੰਜਾਬ ਦਾ ਯੋਗਦਾਨ


Link [2022-01-23 07:15:10]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 22 ਜਨਵਰੀ

ਗਣਤੰਤਰ ਦਿਵਸ ਪਰੇਡ-2022 ਲਈ ਪੰਜਾਬ ਸਰਕਾਰ ਦੀ ਝਾਕੀ ਬਰਤਾਨਵੀ ਸ਼ਾਸਨ ਤੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਦੌਰਾਨ ਪੰਜਾਬ ਵੱਲੋਂ ਪਾਏ ਅਥਾਹ ਯੋਗਦਾਨ ਨੂੰ ਦਰਸਾਵੇਗੀ। ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਝਾਕੀ ਦਾ ਟਰੇਲਰ 30 ਅਕਤੂਬਰ, 1928 ਨੂੰ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਦੇ ਦ੍ਰਿਸ਼ ਨਾਲ ਸ਼ੁਰੂ ਹੁੰਦਾ ਹੈ, ਜੋ ਪੁਲੀਸ ਲਾਠੀਚਾਰਜ ਵਿੱਚ ਜ਼ਖ਼ਮੀ ਹੋ ਗਏ ਸਨ ਤੇ 17 ਨਵੰਬਰ, 1928 ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ। ਟਰੇਲਰ ਦੇ ਮੱਧ ਵਿੱਚ 13 ਮਾਰਚ, 1940 ਦੀ ਘਟਨਾ ਨੂੰ ਦਰਸਾਇਆ ਗਿਆ ਹੈ, ਜਦੋਂ ਸ਼ਹੀਦ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਗੋਲੀ ਮਾਰੀ ਸੀ ਜੋ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਜ਼ਿੰਮੇਵਾਰ ਸੀ। ਟਰੇਲਰ ਦਾ ਅੰਤਿਮ ਹਿੱਸਾ ਕਰਤਾਰਪੁਰ ਵਿੱਚ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਦਰਸਾਉਂਦਾ ਹੈ, ਜਿੱਥੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਵਿਖਾਈ ਦਿੰਦੇ ਹਨ।

ਟਰੈਕਟਰ ਦੇ ਹਿੱਸੇ ਦੇ ਸਾਈਡ ਪੈਨਲ 'ਤੇ ਅਤੇ ਟਰੇਲਰ ਦੇ ਸ਼ੁਰੂ ਵਿੱਚ ਆਜ਼ਾਦੀ ਅੰਦੋਲਨ ਦੇ ਪ੍ਰਤੀਕਾਤਮਕ ਦ੍ਰਿਸ਼ ਦਿਖਾਏ ਗਏ ਹਨ। ਇਸੇ ਦੌਰਾਨ ਪੰਜਾਬ ਦੀ ਝਾਕੀ ਨਾਲ ਪੇਸ਼ਕਾਰੀ ਕਰਨ ਵਾਲੇ ਭੰਗੜਾ ਕਲਾਕਾਰਾਂ ਨੇ ਰੱਖਿਆ ਮੰਤਰਾਲਾ, ਭਾਰਤ ਸਰਕਾਰ ਵੱਲੋਂ ਦਿੱਲੀ ਕੈਂਟ ਦੇ ਆਰਆਰ ਕੈਂਪ ਵਿੱਚ 21 ਜਨਵਰੀ ਨੂੰ ਕਰਵਾਏ ਗਏ ਲੋਕ ਨਾਚ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।



Most Read

2024-09-23 18:25:57