World >> The Tribune


ਆਸਟਰੇਲੀਆ ਵਿੱਚ ਕਈ ਕਬਾਇਲੀ ਭਾਸ਼ਾਵਾਂ ਖ਼ਤਮ ਹੋਣ ਕੰਢੇ


Link [2022-01-23 05:55:21]



ਹਰਜੀਤ ਲਸਾੜਾ

ਬ੍ਰਿਸਬਨ, 22 ਜਨਵਰੀ

ਦੁਨੀਆ ਵਿੱਚ ਆਸਟਰੇਲੀਆ ਵਿੱਚ ਕਬਾਇਲੀ ਭਾਸ਼ਾਵਾਂ ਦੀ ਸੰਭਾਲ ਦੀ ਸਥਿਤੀ ਕਾਫ਼ੀ ਖ਼ਰਾਬ ਹੈ ਅਤੇ ਕਈ ਭਾਸ਼ਾਵਾਂ ਖ਼ਤਮ ਹੋਣ ਕਿਨਾਰੇ ਪਹੁੰਚ ਗਈਆਂ ਹਨ। ਵਿਗਿਆਨਕ ਜਰਨਲ 'ਨੇਚਰ' ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਅਧਿਐਨ ਅਨੁਸਾਰ ਦੁਨੀਆ ਦੀਆਂ 6,511 ਭਾਸ਼ਾਵਾਂ ਵਿੱਚੋਂ ਲਗਪਗ ਅੱਧੀਆਂ ਕਬਾਇਲੀ ਭਾਸ਼ਾਵਾਂ ਹੁਣ ਖ਼ਤਰੇ ਵਿੱਚ ਹਨ ਅਤੇ ਸਦੀ ਦੇ ਅੰਤ ਤੱਕ 1,500 ਤੋਂ ਵੱਧ ਭਾਸ਼ਾਵਾਂ ਖ਼ਤਮ ਹੋ ਸਕਦੀਆਂ ਹਨ।

ਆਸਟਰੇਲੀਆ ਵਿੱਚ 250 ਤੋਂ ਵੱਧ ਕਬਾਇਲੀ ਭਾਸ਼ਾਵਾਂ ਹਨ ਅਤੇ 2018-19 ਦੇ ਸਰਵੇਖਣ ਮੁਤਾਬਕ, ਸਿਰਫ਼ 123 ਕਬਾਇਲੀ ਅਤੇ ਟੋਰੇਸ ਸਟ੍ਰੇਟ ਆਇਲੈਂਡਰ ਭਾਸ਼ਾਵਾਂ ਹੀ ਵਰਤੋਂ ਵਿੱਚ ਹਨ। ਇਨ੍ਹਾਂ ਵਿੱਚੋਂ 12 ਹੀ ਬੱਚਿਆਂ ਨੂੰ ਸਿਖਾਈਆਂ ਜਾ ਰਹੀਆਂ ਹਨ। ਸਿਡਨੀ ਯੂਨੀਵਰਸਿਟੀ ਦੀ ਭਾਸ਼ਾ ਵਿਗਿਆਨੀ ਪ੍ਰੋਫੈਸਰ ਜੈਕਲਿਨ ਟਰੌਏ ਅਨੁਸਾਰ ''ਇਹ ਵਰਤਾਰਾ ਬਹੁਤ ਗੰਭੀਰ ਅਤੇ ਭਵਿੱਖ ਲਈ ਨਮੋਸ਼ੀਜਨਕ ਹੈ।'' 'ਫਸਟ ਨੇਸ਼ਨਜ਼' ਦਾ ਮੰਨਣਾ ਹੈ ਕਿ ਆਸਟਰੇਲੀਆ ਵਿੱਚ ਬਹੁਤੇ ਆਦਿਵਾਸੀ ਭਾਈਚਾਰੇ ਆਪਣੀ ਭਾਸ਼ਾ ਵਿਸਾਰ ਚੁੱਕੇ ਹਨ। ਕੁਈਨਜ਼ਲੈਂਡ ਯੂਨੀਵਰਸਿਟੀ ਤੋਂ ਭਾਸ਼ਾ ਵਿਗਿਆਨੀ ਪ੍ਰੋ. ਫੈਲੀਸਿਟੀ ਮੀਕਿੰਸ ਨੇ ਆਪਣੀ ਖੋਜ ਵਿੱਚ ਕਿਹਾ ਕਿ ਅਗਲੇ ਚਾਰ ਸਾਲਾਂ ਵਿੱਚ ਭਾਸ਼ਾ ਦਾ ਨੁਕਸਾਨ ਤਿੰਨ ਗੁਣਾ ਵਧ ਸਕਦਾ ਹੈ। ਇਹ ਬਾਕੀ ਦੀ ਸਦੀ ਲਈ 'ਪ੍ਰਤੀ ਮਹੀਨਾ' ਭਾਸ਼ਾ ਗੁਆਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਬਸਤੀਵਾਦੀ ਨੀਤੀਆਂ ਦਾ ਵੀ ਕਬਾਇਲੀ ਭਾਸ਼ਾਵਾਂ 'ਤੇ ਅਸਰ ਪਿਆ ਹੈ। ਪ੍ਰੋਫੈਸਰ ਟਰੌਏ ਦਾ ਕਹਿਣਾ ਹੈ ਕਿ ਸਵਦੇਸ਼ੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਦੀ ਮੁਹਾਰਤ ਦਾ ਸਮਰਥਨ ਕੀਤਾ ਜਾਣਾ ਸਮੇਂ ਦੀ ਮੰਗ ਸੀ। ਉਹ ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਇਲੈਂਡਰ ਭਾਸ਼ਾਵਾਂ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਆਸਟਰੇਲੀਆ ਵਿੱਚ ਹਰ ਸਕੂਲ ਇੱਕ ਆਸਟਰੇਲਿਆਈ ਭਾਸ਼ਾ ਸਿਖਾਈ ਜਾ ਸਕਦੀ ਹੈ। ਦੁਨੀਆ ਭਰ ਦੇ ਆਦਿਵਾਸੀ ਲੋਕਾਂ ਨੂੰ ਉਨ੍ਹਾਂ ਦੀਆਂ ਭਾਸ਼ਾਵਾਂ ਬੋਲਣ ਲਈ ਸਰਕਾਰਾਂ ਵੱਲੋਂ ਸਮਰਥਨ ਮਿਲਣਾ ਚਾਹੀਦਾ ਹੈ।



Most Read

2024-09-21 17:40:24