World >> The Tribune


ਯੂਕਰੇਨ ’ਚ ਭੜਕਾਹਟ ਦੀ ਸਾਜ਼ਿਸ਼ ਘੜ ਰਿਹੈ ਪੱਛਮੀ ਜਗਤ: ਰੂਸ


Link [2022-01-22 20:02:34]



ਮਾਸਕੋ, 20 ਜਨਵਰੀ

ਰੂਸ ਨੇ ਪੱਛਮੀ ਮੁਲਕਾਂ 'ਤੇ ਯੂਕਰੇਨ 'ਚ ਭੜਕਾਹਟ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਹੈ। ਉਂਜ ਪੱਛਮੀ ਮੁਲਕਾਂ ਦਾ ਰੂਸ 'ਤੇ ਦੋਸ਼ ਹੈ ਕਿ ਉਹ ਗੁਆਂਢੀ ਮੁਲਕ 'ਚ ਫ਼ੌਜੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ। ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਯੂਕਰੇਨ ਅਤੇ ਪੱਛਮੀ ਮੁਲਕ ਰੂਸ 'ਤੇ ਦੋਸ਼ ਮੜ੍ਹ ਕੇ ਆਪਣੇ ਹਿੱਤਾਂ ਦੀ ਪੂਰਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੇਤਰੀ ਅਤੇ ਆਲਮੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਉਨ੍ਹਾਂ ਬ੍ਰਿਟਿਸ਼ ਫ਼ੌਜ ਵੱਲੋਂ ਯੂਕਰੇਨ ਨੂੰ ਹਥਿਆਰ ਸਪਲਾਈ ਕਰਨ ਵੱਲ ਇਸ਼ਾਰਾ ਕਰਦਿਆਂ ਦਾਅਵਾ ਕੀਤਾ ਕਿ ਯੂਕਰੇਨ ਨੂੰ ਪੱਛਮੀ ਮੁਲਕਾਂ ਤੋਂ ਫ਼ੌਜੀ ਸਹਾਇਤਾ ਮਿਲ ਰਹੀ ਹੈ ਤਾਂ ਜੋ ਡੋਨਬਾਸ 'ਚ ਕਾਰਵਾਈ ਕੀਤੀ ਜਾ ਸਕੇ। ਡੋਨਬਾਸ ਪੂਰਬੀ ਯੂਕਰੇਨ 'ਚ ਸਥਿਤ ਹੈ ਅਤੇ ਇਹ ਰੂਸੀ ਹਮਾਇਤ ਪ੍ਰਾਪਤ ਵੱਖਵਾਦੀਆਂ ਦੇ ਕਬਜ਼ੇ ਹੇਠ ਹੈ ਜੋ ਕਰੀਬ ਅੱਠ ਸਾਲਾਂ ਤੋਂ ਯੂਕਰੇਨ ਦੀ ਫ਼ੌਜ ਨਾਲ ਲੜ ਰਹੇ ਹਨ। ਯੂਕਰੇਨ ਨੇ ਇਸ ਹਫ਼ਤੇ ਦੇ ਸ਼ੁਰੂ 'ਚ ਕਿਹਾ ਸੀ ਕਿ ਉਸ ਨੂੰ ਯੂਕੇ ਤੋਂ ਟੈਂਕ ਵਿਰੋਧੀ ਮਿਜ਼ਾਈਲਾਂ ਮਿਲ ਗਈਆਂ ਹਨ ਅਤੇ ਉਸ ਨੇ ਮਾਸਕੋ ਦੇ ਦਾਅਵੇ ਨੂੰ ਸਿਰੇ ਤੋਂ ਨਕਾਰਿਆ ਸੀ ਕਿ ਉਹ ਇਲਾਕੇ ਨੂੰ ਆਪਣੇ ਕਬਜ਼ੇ 'ਚ ਲੈਣ ਲਈ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸ ਵੱਲੋਂ ਯੂਕਰੇਨ 'ਤੇ ਚੜ੍ਹਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਚਿਤਾਵਨੀ ਦਿੱਤੀ ਕਿ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। -ਏਪੀ



Most Read

2024-09-21 20:06:45