World >> The Tribune


ਲਸ਼ਕਰ ਤੇ ਜੈਸ਼ ਦਾ ਅਲ ਕਾਇਦਾ ਨਾਲ ਰਾਬਤਾ ਵਧਿਆ: ਭਾਰਤ


Link [2022-01-22 20:02:34]



ਨਿਊਯਾਰਕ, 19 ਜਨਵਰੀ

ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਨੁਮਾਇੰਦੇ ਟੀ ਐੱਸ ਤਿਰੂਮੂਰਤੀ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵੱਲੋਂ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੀਆਂ ਪਾਕਿਸਤਾਨੀ ਅਤਿਵਾਦੀ ਜਥੇਬੰਦੀਆਂ ਨਾਲ ਅਲ ਕਾਇਦਾ ਦੇ ਸੰਪਰਕ ਲਗਾਤਾਰ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਫ਼ਗਾਨਿਸਤਾਨ ਦੇ ਹਾਲੀਆ ਘਟਨਾਕ੍ਰਮ ਨੇ ਅਲ ਕਾਇਦਾ ਨੂੰ ਤਾਕਤਵਰ ਹੋਣ ਦਾ ਮੌਕਾ ਦਿੱਤਾ ਹੈ। ਸ੍ਰੀ ਤਿਰੂਮੂਰਤੀ ਨੇ ਮੰਗਲਵਾਰ ਨੂੰ 'ਗਲੋਬਲ ਕਾਊਂਟਰ-ਟੈਰੋਰਿਜ਼ਮ ਕਾਊਂਸਿਲ' ਵੱਲੋਂ ਕਰਵਾਏ ਗਈ ਕੌਮਾਂਤਰੀ ਅਤਿਵਾਦ ਵਿਰੋਧੀ ਕਾਨਫਰੰਸ 2022 ਦੌਰਾਨ ਕਿਹਾ ਕਿ ਇਸਲਾਮਿਕ ਸਟੇਟ ਨੇ ਆਪਣੇ ਢੰਗ ਤਰੀਕੇ ਬਦਲ ਲਏ ਹਨ ਅਤੇ ਉਸ ਨੇ ਮੁੱਖ ਤੌਰ 'ਤੇ ਸਾਰਾ ਧਿਆਨ ਸੀਰੀਆ ਅਤੇ ਇਰਾਕ 'ਚ ਆਪਣੇ ਆਪ ਨੂੰ ਮਜ਼ਬੂਤ ਕਰਨ ਵੱਲ ਲਾਇਆ ਹੋਇਆ ਹੈ ਅਤੇ ਉਸ ਦੇ ਖੇਤਰੀ ਸਹਿਯੋਗੀ ਸੰਗਠਨ ਖਾਸ ਕਰਕੇ ਅਫ਼ਰੀਕਾ ਅਤੇ ਏਸ਼ੀਆ 'ਚ ਆਪਣਾ ਵਿਸਤਾਰ ਕਰ ਰਹੇ ਹਨ। ਉਨ੍ਹਾਂ ਕਿਹਾ,''ਆਲਮੀ ਅਤਿਵਾਦ ਵਿਰੋਧੀ ਕਾਰਵਾਈ ਦੇ ਸੰਦਰਭ 'ਚ 2001 ਦੇ 9/11 ਅਤਿਵਾਦੀ ਹਮਲੇ ਸਾਡੀਆਂ ਅਤਿਵਾਦ ਨੂੰ ਲੈ ਕੇ ਕੋਸ਼ਿਸ਼ਾਂ ਦੀ ਦਿਸ਼ਾ 'ਚ ਫੈਸਲਾਕੁਨ ਮੋੜ ਸਾਬਿਤ ਹੋਏ ਸਨ।'' ਉਨ੍ਹਾਂ ਕਿਹਾ 11 ਸਤੰਬਰ ਨੂੰ ਹੋਏ ਹਮਲਿਆਂ ਨੇ ਭਾਰਤ ਦੀ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਅਤਿਵਾਦ ਦਾ ਖ਼ਤਰਾ ਗੰਭੀਰ ਅਤੇ ਆਲਮੀ ਪੱਧਰ 'ਤੇ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਮੁਲਕਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਇਸ ਨੂੰ ਹਰਾਇਆ ਜਾ ਸਕਦਾ ਹੈ। ਤਿਰੂਮੂਰਤੀ ਨੇ ਕਿਹਾ,''ਅਤਿਵਾਦੀਆਂ ਨੂੰ 'ਤੁਹਾਡੇ ਅਤਿਵਾਦੀ' ਅਤੇ 'ਮੇਰੇ ਅਤਿਵਾਦੀ' ਵਜੋਂ ਐਲਾਨਣ ਦਾ ਸਮਾਂ ਖ਼ਤਮ ਹੋ ਗਿਆ ਹੈ।'' ਉਨ੍ਹਾਂ ਕਿਹਾ ਕਿ ਹੁਣ ਹਰ ਤਰ੍ਹਾਂ ਦੇ ਅਤਿਵਾਦ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਭਾਰਤੀ ਸਫ਼ੀਰ ਨੇ ਕਿਹਾ ਕਿ ਅਤਿਵਾਦ ਦੀ ਸਮੱਸਿਆ ਨੂੰ ਕਿਸੇ ਧਰਮ, ਕੌਮ, ਸੱਭਿਅਤਾ ਜਾਂ ਜਾਤੀਗਤ ਸਮੂਹਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ। -ਪੀਟੀਆਈ

ਮੁੰਬਈ ਧਮਾਕਿਆਂ ਦੇ ਦੋਸ਼ੀ ਪਾਕਿ ਵਿੱਚ ਪੰਜ ਤਾਰਾ ਸਹੂਲਤਾਂ ਦਾ ਮਾਣ ਰਹੇ ਨੇ ਆਨੰਦ: ਤਿਰੂਮੂਰਤੀ

ਨਿਊਯਾਰਕ: ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਨੁਮਾਇੰਦੇ ਟੀ ਐੱਸ ਤਿਰੂਮੂਰਤੀ ਨੇ ਕਿਹਾ ਹੈ ਕਿ 1993 'ਚ ਮੁੰਬਈ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਜ਼ਿੰਮੇਵਾਰ ਅਪਰਾਧੀ ਪਾਕਿਸਤਾਨ 'ਚ ਪੰਜ ਸਿਤਾਰਾ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਮਿਲੀ ਹੋਈ ਹੈ। ਉਨ੍ਹਾਂ ਦਾ ਅਸਿੱਧੇ ਤੌਰ 'ਤੇ ਇਸ਼ਾਰਾ ਕੌਮਾਂਤਰੀ ਅਪਰਾਧੀ ਦਾਊਦ ਇਬਰਾਹਿਮ ਵੱਲ ਸੀ। ਉਨ੍ਹਾਂ ਕਿਹਾ ਕਿ ਅਤਿਵਾਦ ਅਤੇ ਮੁਲਕਾਂ ਵਿਚਕਾਰ ਸੰਗਠਤ ਜੁਰਮ ਦੇ ਸੰਪਰਕਾਂ ਨੂੰ ਪੂਰੀ ਤਰ੍ਹਾਂ ਨਾਲ ਪਛਾਣਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ 'ਤੇ ਪੁਖ਼ਤਾ ਢੰਗ ਨਾਲ ਧਿਆਨ ਦੇਣ ਦੀ ਲੋੜ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਸਲਾਮਤੀ ਦੀ 2022 ਲਈ ਅਤਿਵਾਦ ਵਿਰੋਧੀ ਕਾਰਵਾਈ ਕਮੇਟੀ ਦੇ ਮੁਖੀ ਤਿਰੂਮੂਰਤੀ ਨੇ ਕਿਹਾ ਕਿ ਅਤਿਵਾਦੀ ਗੁੱਟਾਂ ਨੂੰ ਵਿੱਤ ਅਤੇ ਹਥਿਆਰਾਂ ਸਮੇਤ ਹੋਰ ਸਹੂਲਤਾਂ ਦੇਣ ਤੋਂ ਰੋਕਣ ਦੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਪਾਬੰਦੀਆਂ ਲਾਗੂ ਕਰਨਾ ਵੱਡੀ ਚੁਣੌਤੀ ਹੈ। -ਪੀਟੀਆਈ



Most Read

2024-09-21 20:36:54