World >> The Tribune


ਇਜ਼ਰਾਇਲੀ ਪੁਲੀਸ ਨੇ ਫਲਸਤੀਨੀ ਲੋਕਾਂ ਨੂੰ ਵਿਵਾਦਿਤ ਘਰਾਂ ’ਚੋਂ ਕੱਢਿਆ


Link [2022-01-22 20:02:34]



ਯੋਰੋਸ਼ਲਮ, 19 ਜਨਵਰੀ

ਇਜ਼ਰਾਇਲੀ ਪੁਲੀਸ ਨੇ ਅੱਜ ਮੂੰਹ ਹਨੇਰੇ ਪੂਰਬੀ ਯੋਰੋਸ਼ਲਮ ਵਿੱਚ ਸ਼ੇਖ਼ ਜਾਰਾਹ 'ਚ ਵਿਵਾਦਿਤ ਜਗ੍ਹਾ 'ਤੇ ਬਣੇ ਘਰਾਂ 'ਚੋਂ ਫਲਸਤੀਨੀ ਨਾਗਰਿਕਾਂ ਨੂੰ ਬਾਹਰ ਕੱਢ ਕੇ ਸਬੰਧਤ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਯਹੂਦੀ ਲੋਕ ਲੰਮੇ ਸਮੇਂ ਤੋਂ ਇਥੇ ਰਹਿ ਰਹੇ ਫਲਸਤੀਨੀ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਦੋਵਾਂ ਧਿਰਾਂ ਵਿੱਚ ਜਾਰੀ ਟਕਰਾਅ ਕਰਕੇ ਪਿਛਲੇ ਸਾਲ ਇਜ਼ਰਾਈਲ ਤੇ ਗਾਜ਼ਾ ਦਹਿਸ਼ਤਗਰਦਾਂ ਵਿਚਾਲੇ 11 ਦਿਨ ਤੱਕ ਜੰਗ ਚੱਲੀ ਸੀ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਵਿਵਾਦਿਤ ਇਮਾਰਤ ਵਿੱਚ ਰਹਿੰਦੇ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਗੈਸ ਟੈਂਕਰਾਂ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਸੀ। ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇਜ਼ਰਾਈਲ ਵੱਲੋਂ ਇਮਾਰਤ ਖਾਲੀ ਕਰਾਏ ਜਾਣ ਨੂੰ 'ਜੰਗੀ ਅਪਰਾਧ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ 'ਗੰਭੀਰ ਸਿੱਟਿਆਂ' ਦੀ ਪੂਰੀ ਜ਼ਿੰਮੇਵਾਰੀ ਇਜ਼ਰਾਇਲੀ ਆਗੂਆਂ ਦੀ ਹੋਵੇਗੀ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਅੱਬਾਸ ਨੇ ਅਮਰੀਕਾ ਨੂੰ ਸੱਦਾ ਦਿੱਤਾ ਕਿ ਉਹ ਫੌਰੀ ਦਖ਼ਲ ਦੇ ਕੇ ਯੋਰੋਸ਼ਲਮ ਵਿੱਚ ਸਾਡੇ ਲੋਕਾਂ 'ਤੇ ਕੀਤੇ ਜਾ ਰਹੇ ਇਜ਼ਰਾਇਲੀ ਅਪਰਾਧਾਂ ਨੂੰ ਰੋਕੇ। ਉਧਰ ਸਾਲਹੀਆ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਇਹ ਜਾਇਦਾਦ (ਵਿਵਾਦਿਤ ਇਮਾਰਤ) 1967 ਵਿੱਚ ਇਜ਼ਰਾਈਲ ਵੱਲੋਂ ਪੂਰਬੀ ਯੋਰੋਸ਼ਲਮ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਪਹਿਲਾਂ ਖਰੀਦੀ ਸੀ। ਹਾਲਾਂਕਿ ਇਜ਼ਰਾਇਲੀ ਸਰਕਾਰ ਨੇ ਕੋਰਟ ਵਿੱਚ ਪਰਿਵਾਰ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ। ਨਗਰ ਪਾਲਿਕਾ ਦੇ ਰਿਕਾਰਡ ਮੁਤਾਬਕ ਜ਼ਮੀਨ ਦੀ ਸ਼ੁਰੂ ਤੋਂ ਹੀ ਜਨਤਕ ਵਰਤੋਂ ਲਈ ਨਿਸ਼ਾਨਦੇਹੀ ਕੀਤੀ ਹੋਈ ਹੈ ਤੇ ਜਾਇਦਾਦ ਨੂੰ 2017 ਵਿੱਚ ਕਬਜ਼ੇ ਵਿੱਚ ਲਿਆ ਗਿਆ ਸੀ। ਨਗਰ ਪਾਲਿਕਾ ਮੁਤਾਬਕ ਸਾਲਹੀਆ ਪਰਿਵਾਰ ਇਥੇ ਕਾਬਜ਼ ਹੋ ਕੇ ਬੈਠਾ ਹੈ ਤੇ 1990 ਵਿੱਚ ਗੈਰਕਾਨੂੰਨੀ ਤਰੀਕੇ ਨਾਲ ਇਮਾਰਤ ਉਸਾਰੀ ਗਈ। ਮਿਉਂਸਿਪੈਲਿਟੀ ਨੇ ਦਾਅਵਾ ਕੀਤਾ ਕਿ ਉਹ ਇਸ ਜ਼ਮੀਨ ਦੇ ਅਸਲ ਮਾਲਕਾਂ ਨੂੰ ਬਣਦਾ ਮੁਆਵਜ਼ਾ ਦੇਵੇਗਾ ਤੇ ਫ਼ਲਸਤੀਨੀ ਬਾਸ਼ਿੰਦਿਆਂ ਲਈ ਇਥੇ ਸਕੂਲ ਉਸਾਰਿਆ ਜਾਵੇਗਾ। -ਏਪੀ



Most Read

2024-09-21 20:30:29