Breaking News >> News >> The Tribune


ਮੋਦੀ ਵੱਲੋਂ ਇਮਾਰਤ ਦੇ ਉਦਘਾਟਨ ਬਹਾਨੇ ਕਾਂਗਰਸ ’ਤੇ ਸ਼ਬਦੀ ਹਮਲਾ


Link [2022-01-22 20:02:28]



ਨਵੀਂ ਦਿੱਲੀ, 21 ਜਨਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ 'ਤੇ ਅਸਿੱਧੇ ਢੰਗ ਨਾਲ ਹਮਲਾ ਬੋਲਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਨਵਾਂ ਨਿਰਮਾਣ ਦਿੱਲੀ ਦੇ ਸਿਰਫ਼ ਕੁਝ ਪਰਿਵਾਰਾਂ ਲਈ ਕੀਤਾ ਗਿਆ ਜਦਕਿ ਉਨ੍ਹਾਂ ਦੀ ਸਰਕਾਰ ਸੌੜੀ ਸੋਚ ਨੂੰ ਪਿੱਛੇ ਛੱਡ ਕੇ ਕੌਮੀ ਮਹੱਤਵ ਵਾਲੀਆਂ ਨਵੀਆਂ ਯਾਦਗਾਰਾਂ ਦੀ ਉਸਾਰੀ ਕਰ ਰਹੀ ਹੈ। ਉਂਜ ਸ੍ਰੀ ਮੋਦੀ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਦੀ ਟਿੱਪਣੀ ਨਹਿਰੂ-ਗਾਂਧੀ ਪਰਿਵਾਰ ਵੱਲ ਸੇਧਿਤ ਸੀ। ਗੁਜਰਾਤ 'ਚ ਸੋਮਨਾਥ ਮੰਦਰ ਨੇੜੇ ਨਵੇਂ ਬਣਾਏ ਗਏ ਸਰਕਿਟ ਹਾਊਸ ਦਾ ਵਰਚੁਅਲੀ ਉਦਘਾਟਨ ਕਰਨ ਮਗਰੋਂ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਮਿਕ ਅਤੇ ਸੱਭਿਆਚਾਰਕ ਕੇਂਦਰਾਂ ਦੇ ਵਿਕਾਸ ਨਾਲ ਸਥਾਨਕ ਅਰਥਚਾਰੇ ਨੂੰ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ,''ਸਾਡੇ ਪੁਰਖਿਆਂ ਨੇ ਸਾਡੇ ਲਈ ਕਈ ਚੀਜ਼ਾਂ ਛੱਡੀਆਂ ਹਨ ਪਰ ਇਕ ਸਮਾਂ ਸੀ ਜਦੋਂ ਸਾਡੀ ਧਾਰਮਿਕ ਤੇ ਸੱਭਿਆਚਾਰਕ ਪਛਾਣ ਬਾਰੇ ਗੱਲ ਕਰਨ 'ਚ ਝਿਜਕ ਮਹਿਸੂਸ ਕੀਤੀ ਜਾਂਦੀ ਸੀ।'' ਪ੍ਰਧਾਨ ਮੰਤਰੀ ਨੇ ਦਿੱਲੀ 'ਚ ਬਣੀ ਅੰਬੇਡਕਰ ਕੌਮੀ ਯਾਦਗਾਰ, ਰਾਮੇਸ਼ਵਰਮ 'ਚ ਏ ਪੀ ਜੇ ਅਬਦੁੱਲ ਕਲਾਮ ਯਾਦਗਾਰ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਤੇ ਸ਼ਿਆਮਜੀ ਕ੍ਰਿਸ਼ਨ ਵਰਮਾ ਜਿਹੇ ਸੁਤੰਤਰਤਾ ਸੈਨਾਨੀਆਂ ਨਾਲ ਜੁੜੇ ਹੋਏ ਸਥਾਨਾਂ ਨੂੰ ਵਿਕਸਤ ਕੀਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਆਦਿਵਾਸੀ ਮਿਊਜ਼ਿਅਮ ਵੀ ਬਣਾਏ ਜਾ ਰਹੇ ਹਨ। ਸ੍ਰੀ ਮੋਦੀ ਨੇ ਇਸ ਮੌਕੇ 'ਵੋਕਲ ਫਾਰ ਲੋਕਲ' ਮੁਹਿੰਮ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਇਸ ਦਾ ਮਤਲਬ ਸਿਰਫ਼ ਦੀਵਾਲੀ ਮੌਕੇ ਸਥਾਨਕ ਪੱਧਰ 'ਤੇ ਦੀਵੇ ਖ਼ਰੀਦਣ ਤੋਂ ਨਹੀਂ ਹੈ। 'ਸੈਰ ਸਪਾਟਾ ਵੀ ਇਸੇ ਮੁਹਿੰਮ ਦਾ ਹਿੱਸਾ ਹੈ। -ਪੀਟੀਆਈ

ਉੱਤਰ-ਪੂਰਬੀ ਸੂਬੇ ਵਿਕਾਸ ਦੇ ਰਾਹ 'ਤੇ ਪਏ: ਮੋਦੀ

ਅਗਰਤਲਾ/ਸ਼ਿਲੌਂਗ/ਨਵੀਂ ਦਿੱਲੀ: ਉੱਤਰ-ਪੂਰਬੀ ਸੂਬਿਆਂ ਤ੍ਰਿਪੁਰਾ, ਮਨੀਪੁਰ ਅਤੇ ਮੇਘਾਲਿਆ ਨੂੰ 50ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੰਪਰਕ ਅਤੇ ਬੁਨਿਆਦੀ ਢਾਂਚੇ 'ਚ ਸੁਧਾਰ ਨਾਲ ਇਨ੍ਹਾਂ ਸੂਬਿਆਂ 'ਚ ਤੇਜ਼ ਰਫ਼ਤਾਰ ਨਾਲ ਵਿਕਾਸ ਹੋ ਰਿਹਾ ਹੈ। ਤਿੰਨੋਂ ਸੂਬਿਆਂ ਨੂੰ ਵੱਖੋ ਵੱਖਰੇ ਵੀਡੀਓ ਸੁਨੇਹਿਆਂ 'ਚ ਸ੍ਰੀ ਮੋਦੀ ਨੇ ਮੌਕਿਆਂ ਦੀ ਧਰਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਵਪਾਰ ਦਾ ਕੇਂਦਰ ਵੀ ਬਣ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ 'ਡਬਲ ਇੰਜਣ ਸਰਕਾਰ' ਕਾਰਨ ਵਿਕਾਸ ਦਾ ਰਾਹ ਪੱਧਰਾ ਹੋਇਆ ਹੈ। 'ਜਿਹੜੇ ਅੜਿੱਕੇ ਖੜ੍ਹੇ ਕੀਤੇ ਗਏ ਸਨ, ਉਹ ਹਟਾ ਦਿੱਤੇ ਗਏ ਹਨ।'

ਰਾਹੁਲ ਨੇ ਵੀ ਦਿੱਤੀ ਵਧਾਈ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਮਨੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਦੇ ਲੋਕਾਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਆਸ ਜਤਾਈ ਕਿ ਉਹ ਮਿਹਨਤ ਨਾਲ ਹੋਰ ਖੁਸ਼ਹਾਲ ਬਣਨਗੇ। -ਪੀਟੀਆਈ



Most Read

2024-09-23 20:29:47