Breaking News >> News >> The Tribune


ਉੱਤਰਾਖੰਡ: ਹਰਕ ਸਿੰਘ ਰਾਵਤ ਅਤੇ ਨੂੰਹ ਕਾਂਗਰਸ ’ਚ ਸ਼ਾਮਲ


Link [2022-01-22 20:02:28]



ਦੇਹਰਾਦੂਨ, 21 ਜਨਵਰੀ

ਭਾਜਪਾ 'ਚੋਂ ਪੰਜ ਦਿਨ ਪਹਿਲਾਂ ਕੱਢੇ ਜਾਣ ਮਗਰੋਂ ਹਰਕ ਸਿੰਘ ਰਾਵਤ ਅੱਜ ਆਪਣੀ ਨੂੰਹ ਅਨੁਕ੍ਰਿਤੀ ਗੁਸਾਈਂ ਨਾਲ ਕਾਂਗਰਸ 'ਚ ਸ਼ਾਮਲ ਹੋ ਗਏ। ਦਿੱਲੀ 'ਚ ਹੋਏ ਸਮਾਗਮ ਦੌਰਾਨ ਕਾਂਗਰਸ ਦੇ ਉੱਤਰਾਖੰਡ 'ਚ ਪ੍ਰਚਾਰ ਕਮੇਟੀ ਦੇ ਮੁਖੀ ਹਰੀਸ਼ ਰਾਵਤ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗਣੇਸ਼ ਗੋਡਿਆਲ, ਉੱਤਰਾਖੰਡ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰੀਤਮ ਸਿੰਘ, ਪਾਰਟੀ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਅਤੇ ਹੋਰ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿਧਾਨ ਸਭਾ ਦੀ ਕੋਟਦਵਾਰ ਸੀਟ ਤੋਂ ਵਿਧਾਇਕ ਹਰਕ ਸਿੰਘ ਰਾਵਤ ਨੇ 10 ਵਿਧਾਇਕਾਂ ਨਾਲ ਮਿਲ ਕੇ 2016 'ਚ ਤਤਕਾਲੀ ਮੁੱਖ ਮੰਤਰੀ ਹਰੀਸ਼ ਰਾਵਤ ਦੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ ਅਤੇ ਉਹ ਭਾਜਪਾ 'ਚ ਸ਼ਾਮਲ ਹੋ ਗਏ ਸਨ ਜਿਸ ਮਗਰੋਂ ਕਾਂਗਰਸ ਸਰਕਾਰ ਘੱਟ ਗਿਣਤੀ 'ਚ ਰਹਿ ਗਈ ਸੀ। ਹਰੀਸ਼ ਰਾਵਤ ਜ਼ੋਰ ਦਿੰਦੇ ਰਹੇ ਹਨ ਕਿ ਹਰਕ ਸਿੰਘ ਰਾਵਤ ਨੂੰ ਆਪਣੇ ਕਾਰੇ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਹੁਣ ਵੀ ਉਹ ਹਰਕ ਸਿੰਘ ਨੂੰ ਪਾਰਟੀ 'ਚ ਨਹੀਂ ਲੈਣਾ ਚਾਹੁੰਦੇ ਸਨ।

ਕਾਂਗਰਸ 'ਚ ਸ਼ਾਮਲ ਹੋਣ ਮਗਰੋਂ ਹਰਕ ਸਿੰਘ ਰਾਵਤ ਨੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਪਾਰਟੀ 'ਚ ਸ਼ਾਮਲ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਉੱਤਰਾਖੰਡ ਚੋਣਾਂ ਦੌਰਾਨ ਸਾਬਕਾ ਮੰਤਰੀ ਨੂੰ ਕੇਦਾਰਨਾਥ ਅਤੇ ਨੂੰਹ ਨੂੰ ਲੈਂਸਡਾਊਨ ਤੋਂ ਉਮੀਦਵਾਰ ਬਣਾ ਸਕਦੀ ਹੈ। ਜਾਣਕਾਰੀ ਮੁਤਾਬਕ ਹਰਕ ਸਿੰਘ ਰਾਵਤ ਭਾਜਪਾ ਤੋਂ ਆਪਣੀ ਨੂੰਹ ਲਈ ਟਿਕਟ ਮੰਗਣ ਦੇ ਨਾਲ ਨਾਲ ਆਪਣਾ ਹਲਕਾ ਬਦਲਣ ਦੀ ਵੀ ਮੰਗ ਕਰ ਰਿਹਾ ਸੀ। ਭਾਜਪਾ ਨੇ ਇਸ ਮੰਗ ਨੂੰ ਨਕਾਰਦਿਆਂ ਉਸ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ। -ਪੀਟੀਆਈ

ਭਾਜਪਾ ਨੇ ਕਾਂਗਰਸੀ ਦਲਬਦਲੂਆਂ 'ਤੇ ਦਿਖਾਇਆ ਭਰੋਸਾ

ਦੇਹਰਾਦੂਨ: ਭਾਜਪਾ ਨੇ ਉਤਰਾਖੰਡ ਵਿਧਾਨ ਸਭਾ ਚੋਣਾਂ ਲਈ ਆਪਣੇ 59 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਅਤੇ ਕਾਂਗਰਸ ਛੱਡ ਕੇ ਪਾਰਟੀ ਵਿੱਚ ਆਉਣ ਵਾਲਿਆਂ 'ਤੇ ਮੁੜ ਭਰੋਸਾ ਦਿਖਾਇਆ ਹੈ। ਸੂਬੇ ਵਿੱਚ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਭਾਜਪਾ ਨੇ ਵੀਰਵਾਰ ਨੂੰ ਜਾਰੀ ਕੀਤੀ ਸੂਚੀ ਵਿੱਚ ਨਾ ਸਿਰਫ਼ 2016 ਵਿੱਚ ਹਰੀਸ਼ ਰਾਵਤ ਸਰਕਾਰ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਸਗੋਂ ਕੁੱਝ ਦਿਨ ਪਹਿਲਾਂ ਆਪਣੇ ਖ਼ੇਮੇ ਵਿੱਚ ਆਉਣ ਵਾਲਿਆਂ ਨੂੰ ਵੀ ਟਿਕਟਾਂ ਵੰਡੀਆਂ ਹਨ। ਇਨ੍ਹਾਂ ਆਗੂਆਂ ਵਿੱਚ ਉਤਰਾਖੰਡ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਸਰਿਤਾ ਆਰੀਆ ਅਤੇ ਦੁਰਗੇਸ਼ਵਰ ਲਾਲ ਵੀ ਹਨ। ਉਹ ਉਮੀਦਵਾਰਾਂ ਦੀ ਸੂਚੀ ਐਲਾਨੇ ਜਾਣ ਤੋਂ ਕੁੱਝ ਘੰਟੇ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਦੁਰਗੇਸ਼ਵਰ ਲਾਲ ਨੂੰ ਪੁਰੋਲਾ, ਜਦੋਂਕਿ ਆਰੀਆ ਨੂੰ ਨੈਨੀਤਾਲ ਤੋਂ ਟਿਕਟ ਦਿੱਤੀ ਗਈ ਹੈ। ਆਰੀਆ ਇਸ ਸੀਟ ਤੋਂ 2017 ਵਿੱਚ ਭਾਜਪਾ ਦੇ ਸੰਜੀਵ ਆਰੀਆ ਤੋਂ ਹਾਰ ਗਈ ਸੀ। ਸੰਜੀਵ ਕੁਮਾਓਂ ਦੇ ਪ੍ਰਮੁੱਖ ਦਲਿਤ ਚਿਹਰੇ ਯਸ਼ਪਾਲ ਆਰੀਆ ਦਾ ਪੁੱਤਰ ਹੈ। ਉਹ ਇਸ ਸਮੇਂ ਕਾਂਗਰਸ ਵਿੱਚ ਹੈ। ਬਹੁਤੇ ਦਲਬਦਲੂ ਉਹ ਹਨ, ਜੋ 2017 ਵਿੱਚ ਕਾਂਗਰਸ ਸਰਕਾਰ 'ਚ ਮੰਤਰੀ ਰਹੇ ਸਨ। -ਪੀਟੀਆਈ



Most Read

2024-09-23 20:25:08